ਭਾਰਤ 'ਚ ਪਿਛਲੇ 15 ਸਾਲਾਂ 'ਚ ਵਾਪਰੇ ਵੱਡੇ ਰੇਲ ਹਾਦਸੇ, ਓਡੀਸ਼ਾ 'ਚ ਵਾਪਰਿਆ ਰੇਲ ਹਾਦਸਾ ਸਭ ਤੋਂ ਭਿਆਨਕ
Saturday, Jun 03, 2023 - 10:54 AM (IST)
ਨਵੀਂ ਦਿੱਲੀ- ਪਿਛਲੇ ਇਕ ਦਹਾਕੇ 'ਚ ਭਾਰਤ 'ਚ ਵਾਪਰੇ ਸਭ ਤੋਂ ਭਿਆਨਕ ਰੇਲ ਹਾਦਸਿਆਂ 'ਚੋਂ ਸ਼ੁੱਕਰਵਾਰ ਰਾਤ ਓਡੀਸ਼ਾ 'ਚ ਕੋਰੋਮੰਡਲ ਐਕਸਪ੍ਰੈੱਸ ਅਤੇ SMVP-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਵਿਚਾਲੇ ਦੁਖ਼ਦ ਰੇਲ ਹਾਦਸੇ 'ਚ 233 ਲੋਕਾਂ ਦੀ ਮੌਤ ਹੋ ਗਈ ਅਤੇ 933 ਲੋਕ ਜ਼ਖ਼ਮੀ ਹੋ ਗਏ। ਰਾਹਤ ਅਤੇ ਬਚਾਅ ਕੰਮ 'ਚ ਲੱਗੀਆਂ ਏਜੰਸੀਆਂ ਅਜੇ ਵੀ ਹਾਦਸਾਗ੍ਰਸਤ ਰੇਲ ਦੇ ਡੱਬਿਆਂ ਵਿਚੋਂ ਯਾਤਰੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।
ਓਡੀਸ਼ਾ 'ਚ ਵਾਪਰਿਆ ਇਹ ਰੇਲ ਹਾਦਸਾ ਸਭ ਤੋਂ ਭਿਆਨਕ ਹਾਦਸਿਆਂ ਵਿਚੋਂ ਇਕ ਹੈ। ਆਓ ਜਾਣਦੇ ਹਾਂ ਪਿਛਲੇ 15 ਸਾਲਾਂ ਵਿਚ ਵਾਪਰੇ ਰੇਲ ਹਾਦਸਿਆਂ ਬਾਰੇ-
-ਸਾਲ 2010 ਗਿਆਨੇਸ਼ਵਰੀ ਐਕਸਪ੍ਰੈੱਸ: ਮੁੰਬਈ ਜਾਣ ਵਾਲੀ ਐਕਸਪ੍ਰੈੱਸ ਰੇਲ ਦੇ 148 ਯਾਤਰੀਆਂ ਦੀ ਮੌਤ ਹੋ ਗਈ। ਦਰਅਸਲ 28 ਮਈ 2010 ਦੀ ਅੱਧੀ ਰਾਤ ਮਗਰੋਂ ਦੱਖਣੀ-ਪੂਰਬੀ ਰੇਲਵੇ ਦੇ ਖੇਮਸ਼ੁਲੀ ਅਤੇ ਸਰਧੀਆ ਸਟੇਸ਼ਨਾਂ ਵਿਚਾਲੇ ਕੁਝ ਡੱਬਿਆਂ ਦੇ ਪਟੜੀ ਤੋਂ ਉਤਰਨ ਅਤੇ ਨਾਲ ਦੀਆਂ ਪਟੜੀਆਂ 'ਤੇ ਡਿੱਗਣ ਕਾਰਨ ਹਾਦਸਾ ਵਾਪਰਿਆ ਸੀ। ਉਲਟ ਦਿਸ਼ਾ ਤੋਂ ਆ ਰਹੀ ਮਾਲ ਗੱਡੀ ਚੰਦ ਮਿੰਟਾਂ ਵਿਚ ਹੀ ਬੋਗੀਆਂ ਵਿਚੋਂ ਨਿਕਲ ਗਈ। ਇਸ ਹਾਦਸੇ ਵਿਚ 200 ਤੋਂ ਵਧੇਰੇ ਯਾਤਰੀ ਜ਼ਖ਼ਮੀ ਹੋ ਗਏ ਸਨ।
ਸਾਲ 2010, ਉੱਤਰ ਬੰਗਾ ਐਕਸਪ੍ਰੈਸ ਅਤੇ ਵਨਾਂਚਲ ਐਕਸਪ੍ਰੈਸ: 19 ਜੁਲਾਈ 2010 ਨੂੰ ਉੱਤਰ ਬੰਗਾ ਐਕਸਪ੍ਰੈਸ ਅਤੇ ਵਨਾਂਚਲ ਐਕਸਪ੍ਰੈਸ ਪੱਛਮੀ ਬੰਗਾਲ ਦੇ ਸਾਂਥੀਆ 'ਚ ਇਕ ਦੂਜੇ ਨਾਲ ਟਕਰਾ ਗਈ ਜਿਸ 'ਚ ਲਗਭਗ 63 ਲੋਕ ਮਾਰੇ ਗਏ ਅਤੇ 165 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਰੇਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 233, ਓਡੀਸ਼ਾ ਸਰਕਾਰ ਨੇ ਇੱਕ ਦਿਨ ਦੇ ਸੋਗ ਦਾ ਕੀਤਾ ਐਲਾਨ
ਸਾਲ 2011, ਛਪਰਾ-ਮਥੁਰਾ ਐਕਸਪ੍ਰੈਸ: 7 ਜੁਲਾਈ, 2011 ਨੂੰ, ਛਪਰਾ-ਮਥੁਰਾ ਐਕਸਪ੍ਰੈਸ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਨੇੜੇ ਇਕ ਬੱਸ ਨਾਲ ਟਕਰਾ ਗਈ। ਇਸ ਹਾਦਸੇ 'ਚ 69 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਦੁਪਹਿਰ ਕਰੀਬ 1:55 ਵਜੇ ਮਨੁੱਖ ਰਹਿਤ ਲੈਵਲ ਕਰਾਸਿੰਗ 'ਤੇ ਵਾਪਰਿਆ। ਟਰੇਨ ਤੇਜ਼ ਰਫਤਾਰ ਨਾਲ ਚੱਲ ਰਹੀ ਸੀ ਅਤੇ ਬੱਸ ਨੂੰ ਕਰੀਬ ਅੱਧਾ ਕਿਲੋਮੀਟਰ ਤੱਕ ਘਸੀਟਿਆ ਗਿਆ।
ਸਾਲ 2012, ਹੁਬਲੀ-ਬੰਗਲੌਰ ਹੰਪੀ ਐਕਸਪ੍ਰੈਸ: 23 ਮਈ, 2012 ਨੂੰ, ਹੁਬਲੀ-ਬੰਗਲੌਰ ਹੰਪੀ ਐਕਸਪ੍ਰੈਸ ਆਂਧਰਾ ਪ੍ਰਦੇਸ਼ ਦੇ ਨੇੜੇ ਇਕ ਮਾਲ ਗੱਡੀ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ 4 ਡੱਬੇ ਪਟੜੀ ਤੋਂ ਉਤਰ ਗਏ ਅਤੇ ਉਨ੍ਹਾਂ 'ਚੋਂ ਇਕ ਵਿਚ ਅੱਗ ਲੱਗ ਗਈ, ਜਿਸ ਨਾਲ ਲਗਭਗ 25 ਯਾਤਰੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਝੁਲਸ ਗਏ। ਇਸ ਹਾਦਸੇ 'ਚ 43 ਲੋਕ ਜ਼ਖਮੀ ਹੋਏ।
ਸਾਲ 2012, ਤਾਮਿਲਨਾਡੂ ਐਕਸਪ੍ਰੈਸ: 30 ਜੁਲਾਈ 2012 ਨੂੰ ਦਿੱਲੀ-ਚੇਨਈ ਤਾਮਿਲਨਾਡੂ ਐਕਸਪ੍ਰੈਸ ਦੇ ਇਕ ਡੱਬੇ ਨੂੰ ਨੇਲੋਰ ਨੇੜੇ ਅੱਗ ਲੱਗ ਗਈ, ਜਿਸ ਨਾਲ 30 ਤੋਂ ਵੱਧ ਲੋਕ ਮਾਰੇ ਗਏ।
ਸਾਲ 2014, ਗੋਰਖਧਾਮ ਐਕਸਪ੍ਰੈਸ: 26 ਮਈ 2014 ਨੂੰ, ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਖੇਤਰ, ਗੋਰਖਪੁਰ ਵੱਲ ਜਾ ਰਹੀ ਗੋਰਖਧਾਮ ਐਕਸਪ੍ਰੈਸ ਖਲੀਲਾਬਾਦ ਸਟੇਸ਼ਨ ਦੇ ਕੋਲ ਰੁਕੀ ਹੋਈ ਮਾਲ ਗੱਡੀ ਨਾਲ ਟਕਰਾ ਗਈ, ਜਿਸ ਨਾਲ 25 ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਰੇਲ ਹਾਦਸੇ ਮਗਰੋਂ ਓਡੀਸ਼ਾ ਪਹੁੰਚੇ ਰੇਲ ਮੰਤਰੀ ਅਸ਼ਵਨੀ, ਕਿਹਾ- ਸਾਰਾ ਧਿਆਨ ਰਾਹਤ ਅਤੇ ਬਚਾਅ ਕੰਮ 'ਤੇ
ਸਾਲ 2015, ਜਨਤਾ ਐਕਸਪ੍ਰੈੱਸ ਹਾਦਸਾ: 20 ਮਾਰਚ, 2015 ਨੂੰ ਦੇਹਰਾਦੂਨ ਤੋਂ ਵਾਰਾਣਸੀ ਜਾ ਰਹੀ ਜਨਤਾ ਐਕਸਪ੍ਰੈੱਸ 'ਚ ਇਕ ਵੱਡਾ ਹਾਦਸਾ ਵਾਪਰਿਆ। ਰੇਲ ਗੱਡੀ ਦੇ ਇੰਜਣ ਅਤੇ ਨਾਲ ਲੱਗਦੇ ਦੋ ਡੱਬੇ ਪਟੜੀ ਤੋਂ ਉਤਰ ਜਾਣ ਕਾਰਨ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 150 ਦੇ ਕਰੀਬ ਲੋਕ ਜ਼ਖਮੀ ਹੋ ਗਏ।
ਸਾਲ 2016, ਪਟਨਾ-ਇੰਦੌਰ ਐਕਸਪ੍ਰੈਸ: 19321 ਇੰਦੌਰ-ਪਟਨਾ ਐਕਸਪ੍ਰੈਸ 20 ਨਵੰਬਰ, 2016 ਨੂੰ ਪੁਖਰਯਾਨ, ਕਾਨਪੁਰ ਨੇੜੇ ਪਟੜੀ ਤੋਂ ਉਤਰ ਗਈ, ਜਿਸ ਨਾਲ ਘੱਟੋ-ਘੱਟ 150 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਹੋਰ ਜ਼ਖਮੀ ਹੋ ਗਏ।
ਸਾਲ 2017, ਕੈਫੀਅਤ ਐਕਸਪ੍ਰੈਸ: 23 ਅਗਸਤ, 2017 ਨੂੰ ਦਿੱਲੀ ਜਾ ਰਹੀ ਕੈਫੀਅਤ ਐਕਸਪ੍ਰੈਸ ਦੇ 9 ਡੱਬੇ ਉੱਤਰ ਪ੍ਰਦੇਸ਼ ਦੇ ਔਰਈਆ ਨੇੜੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਘੱਟੋ-ਘੱਟ 70 ਲੋਕ ਜ਼ਖਮੀ ਹੋ ਗਏ। ਇਸ ਰੇਲ ਹਾਦਸੇ 'ਚ ਕਿਸੇ ਵੀ ਯਾਤਰੀ ਦੀ ਮੌਤ ਨਹੀਂ ਹੋਈ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ : ਚਸ਼ਮਦੀਦ ਬੋਲਿਆ- ਨੀਂਦ ਤੋਂ ਜਾਗਿਆ ਤਾਂ ਵੇਖਿਆ ਕਿਸੇ ਦਾ ਹੱਥ ਨਹੀਂ ਸੀ ਤੇ ਕਿਸੇ ਦਾ ਪੈਰ
ਸਾਲ 2022, ਬੀਕਾਨੇਰ-ਗੁਹਾਟੀ ਐਕਸਪ੍ਰੈਸ: 13 ਜਨਵਰੀ, 2022 ਨੂੰ ਪੱਛਮੀ ਬੰਗਾਲ ਦੇ ਅਲੀਪੁਰਦਾਰ ਵਿਚ ਬੀਕਾਨੇਰ-ਗੁਹਾਟੀ ਐਕਸਪ੍ਰੈਸ ਦੇ ਘੱਟੋ-ਘੱਟ 12 ਡੱਬੇ ਪਟੜੀ ਤੋਂ ਉਤਰ ਗਏ, ਜਿਸ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ 36 ਜ਼ਖਮੀ ਹੋ ਗਏ।
ਦੱਸ ਦੇਈਏ ਕਿ ਰੇਲਵੇ ਪਿਛਲੇ ਕੁਝ ਸਾਲਾਂ ਤੋਂ ਰੇਲ ਯਾਤਰੀਆਂ ਦੀ ਸੁਰੱਖਿਆ 'ਤੇ ਧਿਆਨ ਦੇ ਰਿਹਾ ਹੈ ਅਤੇ ਰੇਲ ਪਟੜੀਆਂ ਨੂੰ ਅਪਗ੍ਰੇਡ ਕੀਤਾ ਹੈ ਅਤੇ ਰੇਲ ਗੱਡੀਆਂ ਨੂੰ ਟੱਕਰ ਤੋਂ ਬਚਾਉਣ ਲਈ 'ਕਵਚ' ਨਾਮਕ ਉਪਕਰਣ ਵੀ ਲਗਾਇਆ ਹੈ। ਰੇਲਵੇ ਨੇ ਆਪਣੇ ਬ੍ਰੌਡ ਗੇਜ ਨੈੱਟਵਰਕ 'ਤੇ ਸਾਰੇ ਮਾਨਵ ਰਹਿਤ ਲੈਵਲ ਕਰਾਸਿੰਗਾਂ ਨੂੰ ਵੀ ਹਟਾ ਦਿੱਤਾ ਹੈ।