ਸਾਬਕਾ CM ਹਰੀਸ਼ ਰਾਵਤ ਦੇ PA 'ਤੇ ED ਦਾ ਵੱਡਾ ਐਕਸ਼ਨ, 52 ਲੱਖ ਦਾ ਬੈਂਕ ਬੈਲੇਂਸ, ਸੋਨਾ ਤੇ ਲਗਜ਼ਰੀ ਘੜੀਆਂ ਜ਼ਬਤ

Saturday, Sep 12, 2026 - 07:27 AM (IST)

ਸਾਬਕਾ CM ਹਰੀਸ਼ ਰਾਵਤ ਦੇ PA 'ਤੇ ED ਦਾ ਵੱਡਾ ਐਕਸ਼ਨ, 52 ਲੱਖ ਦਾ ਬੈਂਕ ਬੈਲੇਂਸ, ਸੋਨਾ ਤੇ ਲਗਜ਼ਰੀ ਘੜੀਆਂ ਜ਼ਬਤ

ਦੇਹਰਾਦੂਨ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਨਿੱਜੀ ਸਹਾਇਕ (PA) ਚੰਦਨ ਸਿੰਘ ਜੀਨਾ ਦੇ ਰਿਹਾਇਸ਼ੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਸਾਲ 2016 'ਚ ਰਾਜ ਸੇਵਾ ਚੋਣ ਕਮਿਸ਼ਨ ਵੱਲੋਂ ਆਯੋਜਿਤ ਪ੍ਰੀਖਿਆ 'ਚ ਹੋਈਆਂ ਕਥਿਤ ਗੜਬੜੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਕੀਤੀ ਗਈ ਹੈ। 

ਜੀਨਾ ਦੇ ਘਰੋਂ ਨਕਦੀ, ਸੋਨਾ ਤੇ ਲਗਜ਼ਰੀ ਘੜੀਆਂ ਬਰਾਮਦ 

ਈ.ਡੀ. ਵੱਲੋਂ ਜਾਰੀ ਬਿਆਨ ਅਨੁਸਾਰ ਵੀਰਵਾਰ ਨੂੰ ਚੰਦਨ ਸਿੰਘ ਜੀਨਾ ਦੇ ਕੰਪਲੈਕਸ 'ਚ ਕੀਤੀ ਗਈ ਛਾਪੇਮਾਰੀ ਦੌਰਾਨ 32 ਲੱਖ ਰੁਪਏ ਨਕਦ, ਲਗਭਗ 200.5 ਗ੍ਰਾਮ ਵਜ਼ਨ ਦੇ ਸੋਨੇ ਦੇ ਸਿੱਕੇ ਤੇ ਚੇਨਾਂ ਅਤੇ ਰੋਲੇਕਸ, ਰਾਡੋ, ਪਿਆਜੇ, ਮੋਵਾਡੋ, ਟਿਸੋਟ ਤੇ ਕੈਸੀਓ ਐਡੀਫਿਸ ਵਰਗੇ ਮਹਿੰਗੇ ਲਗਜ਼ਰੀ ਬ੍ਰਾਂਡਾਂ ਦੀਆਂ 12 ਘੜੀਆਂ ਜ਼ਬਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਈ.ਡੀ. ਨੇ ਜੀਨਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ 'ਚ ਜਮ੍ਹਾਂ 52 ਲੱਖ ਰੁਪਏ ਦੇ ਲੈਣ-ਦੇਣ 'ਤੇ ਫ੍ਰੀਜ਼ ਲਗਾ ਦਿੱਤਾ ਹੈ। ਫੋਰੈਂਸਿਕ ਜਾਂਚ ਵਾਸਤੇ ਉਨ੍ਹਾਂ ਦਾ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਿਆ ਗਿਆ ਹੈ। ਜੀਨਾ ਫਿਲਹਾਲ ਰਾਵਤ ਦੇ ਪੀ.ਏ. ਹਨ, ਜਦਕਿ ਇਸ ਤੋਂ ਪਹਿਲਾਂ 2014-17 ਦੌਰਾਨ ਰਾਵਤ ਦੇ ਮੁੱਖ ਮੰਤਰੀ ਰਹਿਣ ਸਮੇਂ ਉਹ ਵਿਸ਼ੇਸ਼ ਕਾਰਜ ਅਧਿਕਾਰੀ (OSD) ਵਜੋਂ ਤਾਇਨਾਤ ਸਨ।

 ਇਹ ਵੀ ਪੜ੍ਹੋ : 'ਅਸੀਂ ਕਦੇ ਨਹੀਂ ਝੁਕਾਂਗੇ': ਭਾਰਤ ਦੀ ਧਰਤੀ ਤੋਂ ਈਰਾਨ ਦੇ ਰਾਸ਼ਟਰਪਤੀ ਦਾ ਅਮਰੀਕਾ ਤੇ ਇਜ਼ਰਾਈਲ 'ਤੇ ਨਿਸ਼ਾਨਾ

ਅਧਿਕਾਰੀਆਂ ਤੇ ਵਿਚੋਲਿਆਂ ਦੇ ਟਿਕਾਣਿਆਂ 'ਤੇ ਵੀ ਕਾਰਵਾਈ 

ਦੇਹਰਾਦੂਨ 'ਚ ਕਈ ਹੋਰ ਥਾਵਾਂ 'ਤੇ ਵੀ ਛਾਪੇਮਾਰੀ ਕੀਤੀ ਗਈ। ਇਨ੍ਹਾਂ 'ਚ ਉੱਤਰਾਖੰਡ ਅਧੀਨ ਸੇਵਾ ਚੋਣ ਕਮਿਸ਼ਨ ਦੇ ਸਾਬਕਾ ਪ੍ਰਧਾਨ, ਸਕੱਤਰ, ਪ੍ਰੀਖਿਆ ਕੰਟਰੋਲਰ, 'ਓ.ਐੱਮ.ਆਰ. ਸ਼ੀਟ' (OMR Sheet) ਦੀ ਪ੍ਰੋਸੈਸਿੰਗ ਕਰਨ ਵਾਲੀ ਨਿੱਜੀ ਕੰਪਿਊਟਰ ਏਜੰਸੀ ਦੇ ਮਾਲਕ ਅਤੇ ਕੁਝ ਕਥਿਤ ਵਿਚੋਲਿਆਂ ਦੇ ਟਿਕਾਣੇ ਸ਼ਾਮਲ ਹਨ। ਈ.ਡੀ. ਅਨੁਸਾਰ ਕਮਿਸ਼ਨ ਦੇ ਸਾਬਕਾ ਅਧਿਕਾਰੀਆਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਕੋਲੋਂ ਵੀ ਬੇਹਿਸਾਬੀ ਨਕਦੀ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ। ਫਿਲਹਾਲ ਇਸ ਕਾਰਵਾਈ 'ਤੇ ਜੀਨਾ ਜਾਂ ਹਰੀਸ਼ ਰਾਵਤ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਕਿਵੇਂ ਕੀਤਾ ਜਾਂਦਾ ਸੀ ਘੁਟਾਲਾ? 

ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਦਰਜ ਇਹ ਮਾਮਲਾ 2016 'ਚ ਕਮਿਸ਼ਨ ਵੱਲੋਂ ਆਯੋਜਿਤ 'ਗ੍ਰਾਮ ਪੰਚਾਇਤ ਵਿਕਾਸ ਅਧਿਕਾਰੀ' ਪ੍ਰੀਖਿਆ 'ਚ ਹੋਈਆਂ ਗੜਬੜੀਆਂ ਦੇ ਸਬੰਧ 'ਚ ਉੱਤਰਾਖੰਡ ਪੁਲਸ ਅਤੇ ਵਿਜੀਲੈਂਸ ਬਿਊਰੋ ਵੱਲੋਂ ਦਰਜ 4 ਐੱਫ.ਆਈ.ਆਰ. ਨਾਲ ਜੁੜਿਆ ਹੋਇਆ ਹੈ। ਈ.ਡੀ. ਦਾ ਦਾਅਵਾ ਹੈ ਕਿ OMR ਉੱਤਰ ਪੱਤਰੀਆਂ ਨੂੰ ਕਮਿਸ਼ਨ ਦੀ ਹਿਰਾਸਤ 'ਚੋਂ ਹਟਾ ਕੇ ਤਤਕਾਲੀ ਸਕੱਤਰ ਦੀ ਨਿੱਜੀ ਰਿਹਾਇਸ਼ 'ਤੇ ਭੇਜਿਆ ਜਾਂਦਾ ਸੀ। ਉੱਥੇ ਅਧੂਰੀਆਂ ਭਰੀਆਂ OMR ਸ਼ੀਟਾਂ ਦੇ ਰੋਲ ਨੰਬਰ ਲਿਖ ਕੇ ਨਿੱਜੀ ਕੰਪਿਊਟਰ ਏਜੰਸੀ ਦੇ ਕਰਮਚਾਰੀਆਂ ਨੂੰ ਸੌਂਪੇ ਜਾਂਦੇ ਸਨ, ਜੋ ਵਿਚੋਲਿਆਂ ਰਾਹੀਂ ਮਿਲੇ ਗੈਰ-ਕਾਨੂੰਨੀ ਪੈਸਿਆਂ ਦੇ ਬਦਲੇ 'ਅੰਸਰ ਬਬਲ' (ਗੋਲੇ) ਭਰਦੇ ਅਤੇ ਛੇੜਛਾੜ ਤੋਂ ਬਾਅਦ ਸ਼ੀਟਾਂ ਨੂੰ ਮੁੜ ਸੀਲ ਕਰ ਦਿੰਦੇ ਸਨ।

ਇਹ ਵੀ ਪੜ੍ਹੋ : ਬ੍ਰਿਕਸ ਦੇ ਮੰਚ ਤੋਂ ਪੁਤਿਨ ਨੇ G7 ਦਾ ਉਡਾਇਆ ਮਜ਼ਾਕ; ਕਿਹਾ- 'ਅਸੀਂ 40% ਹਾਂ, ਉਹ ਸਾਡੇ ਤੋਂ ਘੱਟ'

ਆਮਦਨ ਦੇ ਸਰੋਤਾਂ ਨਾਲ ਨਹੀਂ ਮਿਲਦੀ ਬਰਾਮਦਗੀ 

ਈ.ਡੀ. ਦੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੀਨਾ ਨੇ ਵੱਡੀ ਮਾਤਰਾ 'ਚ ਨਕਦ ਰਾਸ਼ੀ ਖਰਚ ਕੀਤੀ ਹੈ, ਜਿਸ ਦਾ ਕੋਈ ਸਪੱਸ਼ਟ ਸਰੋਤ ਨਹੀਂ ਹੈ। ਬਰਾਮਦਗੀ ਅਤੇ ਨਕਦ ਵਜੋਂ ਕੀਤੇ ਗਏ ਖਰਚੇ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਨਾਲ ਮੇਲ ਨਹੀਂ ਖਾਂਦੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News