''Ex CM ਵਿਜਯਨ ਤੇ ਧੀ-ਜਵਾਈ ਖਿਲਾਫ ਦਰਜ ਹੋਵੇ FIR..!'', ED ਨੇ ਡਾਇਰੈਕਟਰ ਜਨਰਲ ਨੂੰ ਲਿਖਿਆ ਪੱਤਰ

Wednesday, Sep 09, 2026 - 02:44 PM (IST)

''Ex CM ਵਿਜਯਨ ਤੇ ਧੀ-ਜਵਾਈ ਖਿਲਾਫ ਦਰਜ ਹੋਵੇ FIR..!'', ED ਨੇ ਡਾਇਰੈਕਟਰ ਜਨਰਲ ਨੂੰ ਲਿਖਿਆ ਪੱਤਰ

ਨੈਸ਼ਨਲ ਡੈਸਕ- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੀ.ਐੱਮ.ਆਰ.ਐੱਲ. ਕੰਪਨੀ ਨਾਲ ਜੁੜੇ ਕਥਿਤ ਰਿਸ਼ਵਤ ਮਾਮਲੇ ’ਚ ਕੇਰਲਮ ਦੇ ਸਾਬਕਾ ਮੁੱਖ ਮੰਤਰੀ ਪਿਨਰਾਈ ਵਿਜਯਨ, ਉਨ੍ਹਾਂ ਦੀ ਧੀ ਵੀਣਾ ਟੀ. ਅਤੇ ਜਵਾਈ ਪੀ.ਏ. ਮੁਹੰਮਦ ਰਿਆਸ ਖਿਲਾਫ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕਰਦੇ ਹੋਏ ਸੂਬੇ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖਿਆ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਤਰਾਂ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ ਮਨੀ ਲਾਂਡਰਿੰਗ ਨਿਵਾਰਨ ਐਕਟ (ਪੀ.ਐੱਮ.ਐੱਲ.ਏ.) ਦੀ ਧਾਰਾ 66(2) ਹੇਠ ਇਹ ਪੱਤਰ ਭੇਜਿਆ ਹੈ ਅਤੇ ਇਸ ’ਚ ਉਕਤ ਮਾਮਲੇ ’ਚ ਕੀਤੀ ਗਈ ਜਾਂਚ ਦੇ ਸਿੱਟਿਆਂ ਦਾ ਹਵਾਲਾ ਦਿੱਤਾ ਗਿਆ ਹੈ। ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀ ਇਹ ਧਾਰਾ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਆਪਣੀ ਅਪਰਾਧਿਕ ਜਾਂਚ ਦੇ ਸਿੱਟੇ ਕਿਸੇ ਕਾਨੂੰਨ ਪਾਲਣਾ ਏਜੰਸੀ ਨਾਲ ਸਾਂਝੇ ਕਰਨ ਦਾ ਅਧਿਕਾਰ ਦਿੰਦੀ ਹੈ, ਤਾਂ ਜੋ ਉਸ ਦੇ ਆਧਾਰ ’ਤੇ ਨਵੀਂ ਐੱਫ.ਆਈ.ਆਰ. ਜਾਂ ਸ਼ਿਕਾਇਤ ਦਰਜ ਕੀਤੀ ਜਾ ਸਕੇ। ਅਜਿਹੀ ਪੁਲਸ ਐੱਫ.ਆਈ.ਆਰ. ਦੇ ਆਧਾਰ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਮਨੀ ਲਾਂਡਰਿੰਗ ਨਿਵਾਰਨ ਐਕਟ ਹੇਠ ਮਾਮਲਾ ਦਰਜ ਕਰ ਸਕਦੀ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਦਾ ਦੋਸ਼ ਹੈ ਕਿ ਕੇਰਲਮ ਦੀ ਮਾਈਨਿੰਗ ਕੰਪਨੀ ‘ਕੋਚੀਨ ਮਿਨਰਲਜ਼ ਐਂਡ ਰੂਟਾਈਲ ਲਿਮਟਿਡ’ (ਸੀ. ਐੱਮ. ਆਰ. ਐੱਲ.) ਨੇ ਵੀਣਾ ਦੀ ਹੁਣ ਬੰਦ ਹੋ ਚੁੱਕੀ ਕੰਪਨੀ ‘ਐਕਸਾਲੋਜਿਕ ਸਾਲਿਊਸ਼ਨਜ਼’ ਨੂੰ ‘ਆਈ. ਟੀ. ਕੰਸਲਟੈਂਸੀ ਸੇਵਾਵਾਂ’ ਦੇ ਨਾਂ ’ਤੇ ਕਥਿਤ ਤੌਰ ’ਤੇ 2.78 ਕਰੋੜ ਰੁਪਏ ਦਾ ਫਰਜ਼ੀ ਭੁਗਤਾਨ ਕੀਤਾ ਸੀ।


author

Harpreet SIngh

Content Editor

Related News