ਅਯੁੱਧਿਆ ਜਬਰ-ਜ਼ਨਾਹ ਮਾਮਲੇ ’ਚ ਵੱਡੀ ਕਾਰਵਾਈ, ਸਪਾ ਨੇਤਾ ਦੀ ਬੇਕਰੀ ’ਤੇ ਚੱਲਿਆ ਬੁਲਡੋਜ਼ਰ
Sunday, Aug 04, 2024 - 02:58 AM (IST)

ਅਯੁੱਧਿਆ/ਲਖਨਊ (ਨਾਸਿਰ) - ਅਯੁੱਧਿਆ ਨੇੜੇ ਭਦਰਸਾ ਕਸਬੇ ’ਚ ਇਕ ਨਾਬਾਲਗ ਕੁੜੀ ਨਾਲ ਹੋਏ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ’ਚ ਯੋਗੀ ਸਰਕਾਰ ਹੁਣ ਪੂਰੀ ਤਰ੍ਹਾਂ ਹਰਕਤ ’ਚ ਆ ਗਈ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸਖ਼ਤ ਹੁਕਮਾਂ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਘਟਨਾ ਦੇ ਮੁੱਖ ਮੁਲਜ਼ਮ ਮੋਈਦ ਖਾਨ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਦੀ ਬੇਕਰੀ ’ਚੋਂ ਖਾਣ-ਪੀਣ ਦੀਆਂ ਵਸਤਾਂ ਦੇ 5 ਸੈਂਪਲ ਲਏ ਜਿਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ।
ਦੂਜੇ ਪਾਸੇ ਜਾਂਚ ਦੌਰਾਨ ਛੱਪੜ ਦੀ ਜ਼ਮੀਨ ’ਤੇ ਮੁਲਜ਼ਮ ਦੀ ਬੇਕਰੀ ਹੋਣ ਦਾ ਪਤਾ ਲੱਗਣ ਮਗਰੋਂ ਤਹਿਸੀਲ ਪ੍ਰਸ਼ਾਸਨ ਨੇ ਬੁਲਡੋਜ਼ਰ ਚਲਾ ਕੇ ਬੇਕਰੀ ਨੂੰ ਢਾਹ ਦਿੱਤਾ। ਫੂਡ ਵਿਭਾਗ ਦੀ ਟੀਮ ਨੇ 10 ਵਜੇ ਏ-ਵਨ ਨਾਂ ਦੀ ਬੇਕਰੀ ’ਤੇ ਛਾਪਾ ਮਾਰਿਆ ਸੀ। ਫੂਡ ਸੇਫਟੀ ਐਡਮਿਨਿਸਟਰੇਸ਼ਨ ਦੇ ਸਹਾਇਕ ਕਮਿਸ਼ਨਰ ਮਾਨਿਕ ਚੰਦਰ ਸਿੰਘ ਨੇ ਕਿਹਾ ਕਿ ਸੈਂਪਲ ਦੀ ਟੈਸਟ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਵੀ ਕੀਤੀ ਜਾਵੇਗੀ।
ਉੱਤਰ ਪ੍ਰਦੇਸ਼ ਦੇ ਮੱਛੀ ਪਾਲਣ ਮੰਤਰੀ ਡਾਕਟਰ ਸੰਜੇ ਨਿਸ਼ਾਦ ਸ਼ਨੀਵਾਰ ਅਯੁੱਧਿਆ ਜ਼ਿਲਾ ਮਹਿਲਾ ਹਸਪਤਾਲ ਪਹੁੰਚੇ। ਉੱਥੇ ਉਹ ਪੀੜਤ ਨਾਬਾਲਗ ਕੁੜੀ ਨੂੰ ਮਿਲੇ ਤੇ ਉਸ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ। ਉਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਯਕੀਨ ਦੁਆਇਆ। ਸੰਜੇ ਨਿਸ਼ਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਖਿਲੇਸ਼ ਦਾ ਪੀ. ਡੀ. ਏ. ਪਿਆਰ ਝੂਠਾ ਸਾਬਤ ਹੋ ਰਿਹਾ ਹੈ। ਲੱਗਦਾ ਹੈ ਕਿ ਉਹ ਇਨ੍ਹਾਂ ਅਪਰਾਧੀਆਂ ਦੀ ਮਦਦ ਨਾਲ ਜਿੱਤੇ ਹਨ। ਇਸੇ ਲਈ ਉਹ ਅਪਰਾਧੀ ਨੂੰ ਬਚਾਅ ਰਹੇ ਹਨ।
ਪੀੜਤਾ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ 3 ਖਿਲਾਫ ਐੱਫ. ਆਈ. ਆਰ. ਦਰਜ
ਪੀੜਤਾ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਪੁਲਸ ਨੇ 3 ਵਿਅਕਤੀਆਂ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ ਕਰੀਬ 11 ਵਜੇ 3 ਵਿਅਕਤੀ ਹਸਪਤਾਲ ਪੁੱਜੇ। ਇਨ੍ਹਾਂ ’ਚ ਭਦਰਸਾ ਨਗਰ ਪੰਚਾਇਤ ਦੇ ਚੇਅਰਮੈਨ ਮੁਹੰਮਦ ਰਸ਼ੀਦ ਤੇ ਸਪਾ ਆਗੂ ਜੈ ਸਿੰਘ ਰਾਣਾ ਆਦਿ ਸ਼ਾਮਲ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਪਹਿਲਾਂ ਉਨ੍ਹਾਂ ਨੇ ਸੁਲ੍ਹਾ ਕਰਨ ਲਈ ਦਬਾਅ ਪਾਇਆ। ਇਨਕਾਰ ਕਰਨ ’ਤੇ ਨਜਿੱਠਣ ਦੀ ਧਮਕੀ ਦੇ ਕੇ ਉਹ ਚਲੇ ਗਏ।