ਕੋਲਕਾਤਾ ''ਚ ਵੱਡਾ ਹਾਦਸਾ! ਨਿਰਮਾਣ ਅਧੀਨ ਗੋਦਾਮ ਦੀ ਡਿੱਗੀ ਛੱਤ, 3 ਦੀ ਮੌਤ ਤੇ ਕਈ ਹੋਰ ਫਸੇ
Wednesday, Jun 24, 2026 - 06:45 PM (IST)
ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਤਾਰਾਤਲਾ ਇਲਾਕੇ 'ਚ ਬੁੱਧਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇੱਕ ਨਿਰਮਾਣ ਅਧੀਨ ਗੋਦਾਮ ਦੀ ਛੱਤ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 40 ਤੋਂ ਵੱਧ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ, ਜਦੋਂ ਕਿ ਕਈ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ।
ਜਾਣਕਾਰੀ ਅਨੁਸਾਰ, ਗੋਦਾਮ ਦੀ ਪਹਿਲੀ ਮੰਜ਼ਿਲ ਦੀ ਛੱਤ ਪਾਉਣ ਦਾ ਕੰਮ ਚੱਲ ਰਿਹਾ ਸੀ, ਜਦੋਂ ਅਚਾਨਕ ਲੋਹੇ ਦਾ ਬਣਿਆ ਭਾਰੀ ਸਟਰੱਕਚਰ ਅਤੇ ਕੰਕਰੀਟ ਦਾ ਮਲਬਾ ਹੇਠਾਂ ਕੰਮ ਕਰ ਰਹੇ ਮਜ਼ਦੂਰਾਂ 'ਤੇ ਆ ਡਿੱਗਿਆ। ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨਾ ਚੌਧਰੀ (30), ਰੋਹਿਤ ਚੌਧਰੀ (40) ਅਤੇ ਇੱਕ ਅਣਪਛਾਤੇ ਵਿਅਕਤੀ ਵਜੋਂ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਘਟਨਾ ਤੋਂ ਤੁਰੰਤ ਬਾਅਦ ਸਥਾਨਕ ਪੁਲਸ, ਫਾਇਰ ਬ੍ਰਿਗੇਡ ਅਤੇ ਫੌਜ ਦੀਆਂ ਟੀਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਮਲਬੇ ਨੂੰ ਹਟਾਉਣ ਲਈ ਕ੍ਰੇਨਾਂ ਅਤੇ ਲੋਹੇ ਦੇ ਬੀਮ ਕੱਟਣ ਲਈ ਗੈਸ ਕਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹੁਣ ਤੱਕ 13 ਲੋਕਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ ਅਤੇ ਮਲਬੇ ਹੇਠਾਂ ਦਬੇ ਬਾਕੀ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ੀ ਨਾਲ ਚੱਲ ਰਹੀਆਂ ਹਨ।
ਮੁੱਖ ਮੰਤਰੀ ਨੇ ਲਿਆ ਜਾਇਜ਼ਾ
ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਖੁਦ ਘਟਨਾ ਸਥਾਨ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦੂਜੇ ਪਾਸੇ, ਮੰਤਰੀ ਡਾ. ਇੰਦਰਨੀਲ ਖਾਨ ਨੇ ਮੌਕੇ 'ਤੇ ਪਹੁੰਚ ਕੇ ਇਸ ਹਾਦਸੇ ਲਈ ਪਿਛਲੀ ਤ੍ਰਿਣਮੂਲ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਨਿਰਮਾਣ ਗੈਰ-ਕਾਨੂੰਨੀ ਸੀ ਅਤੇ ਉਸ ਸਮੇਂ ਹੋਇਆ ਸੀ ਜਦੋਂ ਟੀ.ਐੱਮ.ਸੀ. ਸੱਤਾ ਵਿਚ ਸੀ। ਪ੍ਰਸ਼ਾਸਨ ਵੱਲੋਂ ਵੱਧ ਤੋਂ ਵੱਧ ਜਾਨਾਂ ਬਚਾਉਣ ਲਈ ਹੋਰ ਬਚਾਅ ਟੀਮਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
