ਵੱਡਾ ਹਾਦਸਾ; ਚਾਰ ਮੰਜ਼ਿਲਾ ਇਮਾਰਤ ਢਹਿਣ ਨਾਲ 8 ਲੋਕਾਂ ਦੀ ਮੌਤ, ਕਈਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ
Friday, Jul 31, 2026 - 11:47 AM (IST)
ਠਾਣੇ (ਏਜੰਸੀ)- ਮਹਾਰਾਸ਼ਟਰ ਦੇ ਭਿਵੰਡੀ 'ਚ ਇਕ ਚਾਰ ਮੰਜ਼ਿਲਾ ਇਮਾਰਤ ਢਹਿਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਤੋਂ ਪੰਜ ਹੋਰਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਿਵੰਡੀ ਦੇ ਪਾਵਰਲੂਮ ਕਸਬੇ ਦੇ ਬਾਲਾਜੀ ਨਗਰ ਖੇਤਰ 'ਚ ਕੋਹਿਨੂਰ ਇਮਾਰਤ ਦਾ ਇਕ ਹਿੱਸਾ ਵੀਰਵਾਰ ਰਾਤ 11:30 ਵਜੇ ਦੇ ਕਰੀਬ ਢਹਿ ਗਿਆ। ਰੈਜ਼ੀਡੈਂਟ ਡਿਪਟੀ ਕੁਲੈਕਟਰ (ਆਰਡੀਸੀ) ਸੰਦੀਪ ਮਾਨੇ ਨੇ ਕਿਹਾ,"ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਮਲਬੇ ਹੇਠ ਚਾਰ ਤੋਂ ਪੰਜ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ ਅਤੇ ਖੋਜ ਮੁਹਿੰਮ ਜਾਰੀ ਹਨ।"
ਉਨ੍ਹਾਂ ਕਿਹਾ ਕਿ ਇਕ ਨਾਬਾਲਗ ਨੂੰ ਜ਼ਖਮੀ ਹਾਲਤ 'ਚ ਬਾਹਰ ਕੱਢਿਆ ਗਿਆ ਅਤੇ ਨੇੜਲੇ ਹਸਪਤਾਲ ਲਿਜਾਇਆ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਇਮਾਰਤ 'ਚ ਕੁੱਲ 48 ਕਮਰੇ ਸਨ, ਜਿਨ੍ਹਾਂ 'ਚੋਂ ਹਰ ਮੰਜ਼ਿਲ 'ਤੇ 12 ਕਮਰੇ ਸਨ। ਨਗਰ ਨਿਗਮ ਵੱਲੋਂ ਇਮਾਰਤ ਨੂੰ ਪਹਿਲਾਂ ਹੀ ਖ਼ਤਰਨਾਕ ਐਲਾਨ ਦਿੱਤਾ ਗਿਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਮਾਰਤ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਰਾਤ 9 ਵਜੇ ਦੇ ਕਰੀਬ, ਸਥਾਨਕ ਲੋਕਾਂ ਨੇ ਇਮਾਰਤ 'ਚੋਂ "ਤੇਜ਼ ਤਰੇੜਾਂ ਪੈਣ ਵਰਗੀਆਂ ਆਵਾਜ਼ਾਂ ਸੁਣੀਆਂ।''
ਖ਼ਤਰਾ ਮਹਿਸੂਸ ਕਰਦੇ ਹੋਏ, ਸਥਾਨਕ ਲੋਕਾਂ ਨੇ ਤੁਰੰਤ ਕਈ ਪਰਿਵਾਰਾਂ ਨੂੰ ਬਾਹਰ ਕੱਢਣ 'ਚ ਮਦਦ ਕੀਤੀ, ਪਰ ਜਦੋਂ ਕੁਝ ਨਿਵਾਸੀ ਬਾਹਰ ਨਿਕਲ ਹੀ ਰਹੇ ਸਨ, ਉਦੋਂ ਇਮਾਰਤ ਦੀ 'ਬੀ' ਵਿੰਗ ਅਚਾਨਕ ਢਹਿ ਗਈ। ਘਟਨਾ ਸਥਾਨ 'ਤੇ ਇਕ ਵਿਸ਼ਾਲ ਬਚਾਅ ਕਾਰਜ ਚੱਲ ਰਿਹਾ ਹੈ, ਜੋ ਕਿ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨਡੀਆਰਐੱਫ), ਠਾਣੇ ਆਫ਼ਤ ਪ੍ਰਤੀਕਿਰਿਆ ਬਲ ਅਤੇ ਸਥਾਨਕ ਫਾਇਰ ਵਿਭਾਗ ਦੀਆਂ ਟੀਮਾਂ ਦੁਆਰਾ ਸਾਂਝੇ ਤੌਰ 'ਤੇ ਚਲਾਇਆ ਜਾ ਰਿਹਾ ਹੈ। ਬਚਾਅ ਕਾਰਡ 'ਚ ਡੌਗ ਸਕੁਐਡ, ਚਾਰ ਫਾਇਰ ਇੰਜਣ, 2 ਐਂਬੂਲੈਂਸਾਂ ਅਤੇ ਭਾਰੀ ਮਲਬਾ ਹਟਾਉਣ ਵਾਲੀ ਮਸ਼ੀਨਰੀ ਤਾਇਨਾਤ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਨਸੂਨ 'ਚ ਠਾਣੇ ਜ਼ਿਲ੍ਹੇ 'ਚ ਮੀਂਹ ਨਾਲ ਸਬੰਧਤ ਘਟਨਾਵਾਂ 'ਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਜ਼ਖਮੀ ਹੋਏ ਹਨ, ਜਿਸ 'ਚ ਇਹ ਘਟਨਾ ਵੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
