ਚੇਨਈ ਏਅਰਪੋਰਟ ’ਤੇ ਪਾਇਲਟ ਦੀ ਸਮਝਦਾਰੀ ਨਾਲ ਟਲਿਆ ਵੱਡਾ ਹਾਦਸਾ

Friday, Nov 12, 2021 - 10:36 AM (IST)

ਚੇਨਈ– ਤਾਮਿਲਨਾਡੂ ਵਿਚ ਵੀਰਵਾਰ ਨੂੰ ਪਾਇਲਟ ਦੀ ਸਮਝਦਾਰੀ ਨਾਲ ਇਕ ਵੱਡਾ ਹਾਦਸਾ ਟਲ ਗਿਆ। ਦਰਅਸਲ ਦਿੱਲੀ ਤੋਂ ਚੇਨਈ ਲਈ ਚੱਲੀ ਏਅਰ ਇੰਡੀਆ ਦੀ ਫਲਾਈਟ ਏਅਰਪੋਰਟ ’ਤੇ ਲੈਂਡ ਕਰਨ ਵਾਲੀ ਸੀ। ਜਹਾਜ਼ ਵਿਚ 429 ਲੋਕ ਸਵਾਰ ਸਨ। ਫਲਾਈਟ ਚੇਨਈ ਏਅਰਪੋਰਟ ’ਤੇ ਉਤਰਨ ਹੀ ਵਾਲੀ ਸੀ ਕਿ ਅਚਾਨਕ ਲਗਭਗ 50 ਮੀਟਰ ਦੀ ਦੂਰੀ ਤੋਂ ਪਾਇਲਟ ਨੇ ਦੇਖਿਆ ਕਿ ਰਨਵੇ ’ਤੇ ਪਾਣੀ ਭਰਿਆ ਹੋਇਆ ਹੈ। ਪਾਇਲਟ ਅਤੇ ਕੋ-ਪਾਇਲਟ ਨੇ ਤੁਰੰਤ ਜਹਾਜ਼ ਦੀ ਲੈਂਡਿੰਗ ਟਾਲਦੇ ਹੋਏ ਉਸ ਨੂੰ ਹੈਦਰਾਬਾਦ ਵੱਲ ਮੋੜ ਦਿੱਤਾ।  ਪਾਇਲਟ ਦੇ ਅਚਾਨਕ ਲਏ ਗਏ ਫ਼ੈਸਲੇ ਤੋਂ ਪਹਿਲਾਂ ਤਾਂ ਯਾਤਰੀ ਹੈਰਾਨ ਹੋਏ ਪਰ ਜਦੋਂ ਉਨ੍ਹਾਂ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਨੇ ਜਹਾਜ਼ ਦੇ ਪਾਇਲਟ ਕੈਪਟਨ ਮਹਾਪਾਤਰਾ ਅਤੇ ਕੋ-ਪਾਇਲਟ ਰਾਜਾ ਪੇਨੂਸਵਾਮੀ ਦੀ ਖੂਬ ਤਾਰੀਫ਼ ਕੀਤੀ। 

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

ਉਥੇ ਹੀ ਬੰਗਾਲ ਦੀ ਖਾੜੀ ਵਿਚ ਬਣੇ ਘੱਟ ਦਬਾਅ ਦੇ ਖੇਤਰ ਕਾਰਨ ਆਂਧਰਾ ਪ੍ਰਦੇਸ਼ ਦੇ ਦੱਖਣੀ ਤੱਟੀ ਜ਼ਿਲ੍ਹਿਆਂ ਪ੍ਰਕਾਸ਼ਮ ਅਤੇ ਐੱਸ. ਪੀ. ਐੱਸ. ਨੇਲੋਰ ਅਤੇ ਰਾਇਲਸੀਮਾ ਦੇ ਚਿੱਤੂਰ ਅਤੇ ਕਡੱਪਾ ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਭਾਰੀ ਮੀਂਹ ਪਿਆ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ। ਇਸ ਦੌਰਾਨ ਐੱਸ. ਪੀ. ਐੱਸ. ਨੇਲੋਰ ਅਤੇ ਚਿਤੂਰ ਜ਼ਿਲ੍ਹਿਆਂ ਵਿਚ ਬਚਾਅ ਅਤੇ ਰਾਹਤ ਕੰਮ ਲਈ ਰਾਸ਼ਟਰੀ ਆਫਤ ਮੋਚਨ ਬਲ (ਐੱਨ. ਡੀ. ਆਰ. ਐੱਫ.) ਅਤੇ ਸੂਬਾ ਆਫਤ ਮੋਚਨ ਬਲ (ਐੱਸ. ਡੀ. ਆਰ. ਐੱਫ.) ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਵੀਡੀਓ ਕਾਨਫਰੰਸ ਰਾਹੀਂ ਡਿਪਟੀ ਕਮਿਸ਼ਨਰਾਂ ਨੂੰ ਰਾਹਤ ਕੈਂਪ ਖੋਲ੍ਹਣ ਅਤੇ ਖਤਰੇ ਵਾਲੇ ਇਲਾਕਿਆਂ ਤੋਂ ਲੋਕਾਂ ਨੂੰ ਇਨ੍ਹਾਂ ਕੈਂਪਾਂ ਵਿਚ ਟਰਾਂਸਫਰ ਕਰਨ ਦਾ ਨਿਰਦੇਸ਼ ਦਿੱਤਾ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਦਾਅਵਾ, ਕਿਸਾਨ ਵਿਰੋਧੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਸਾਬਿਤ ਹੋਵੇਗੀ ਲਖਨਊ ਮਹਾਪੰਚਾਇਤ

ਤਾਮਿਲਨਾਡੂ ਦੀ ਰਾਜਧਾਨੀ ਚੇਨਈ, ਆਂਧਰਾ ਪ੍ਰਦੇਸ਼ ਅਤੇ ਪੁੱਡੂਚੇਰੀ ਦੇ ਕੁਝ ਜ਼ਿਲ੍ਹਿਆਂ ਵਿਚ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਨਾਲ ਸੜਕਾਂ, ਗਲੀਆਂ-ਮੁਹੱਲਿਆਂ ਤੋਂ ਲੈ ਕੇ ਏਅਰਪੋਰਟ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਪਾਣੀ ਜਮ੍ਹਾ ਹੋ ਗਿਆ ਹੈ। ਸੁਰੱਖਿਆ ਫੋਰਸਾਂ ਦੀਆਂ ਟੀਮਾਂ ਲਗਾਤਾਰ ਬਚਾਅ ਮੁਹਿੰਮਾਂ ਚਲਾ ਰਹੀਆਂ ਹਨ। ਤਾਮਿਲਨਾਡੂ ਵਿਚ ਭਾਰੀ ਮੀਂਹ ਕਾਰਨ ਮੌਸਮ ਵਿਭਾਗ ਨੇ 20 ਜ਼ਿਲ੍ਹਿਆਂ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News