ਚੀਨ-ਭਾਰਤ ਸਬੰਧਾਂ ’ਚ ਸੰਤੁਲਨ ਕਾਇਮ ਰੱਖਣਾ ਵੱਡੀ ਚੁਣੌਤੀ : ਜੈਸ਼ੰਕਰ
Saturday, Feb 24, 2024 - 11:17 AM (IST)

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ-ਚੀਨ ਸਬੰਧਾਂ ਲਈ ਸੰਤੁਲਨ ਦੀ ਸਥਿਤੀ ’ਤੇ ਪਹੁੰਚਣਾ ਅਤੇ ਇਸ ਨੂੰ ਬਣਾਈ ਰੱਖਣਾ ਵੱਡੀ ਚੁਣੌਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤੁਰੰਤ ਮੁੱਦਾ ਬੀਜਿੰਗ ਵਲੋਂ ਨਿਰਧਾਰਤ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ ਜਿਸ ਕਾਰਨ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਪੈਦਾ ਹੋਇਆ।
‘ਰਾਇਸੀਨਾ ਡਾਇਲਾਗ’ ਦੇ ਇੱਕ ਚਰਚਾ ਸੈਸ਼ਨ ’ਚ ਜੈਸ਼ੰਕਰ ਨੇ ਸ਼ੁੱਕਰਵਾਰ ਦੁਵੱਲੇ ਢਾਂਚੇ ਅਧੀਨ ਮੁੱਦਿਆਂ ਨੂੰ ਰੋਕਣ ਲਈ ਚੀਨ ਦੀਆਂ ਚਾਲਾਂ ਵਿਰੁੱਧ ਚੌਕਸ ਕੀਤਾ ਅਤੇ ਕਿਹਾ ਕਿ ਭਾਰਤ ਨੂੰ ਸੰਤੁਲਨ ਸਥਿਤੀ ’ਤੇ ਬਿਹਤਰ ਸ਼ਰਤਾਂ ਹਾਸਲ ਕਰਨ ਲਈ ਹੋਰ ਕਾਰਕਾਂ ਦੀ ਵਰਤੋਂ ਕਰਨ ਦੇ ਆਪਣੇ ਅਧਿਕਾਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਆਰਥਿਕ ਮੋਰਚੇ ’ਤੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਕ ਸਮਾਂ ਆਏਗਾ ਜਦੋਂ ਚੀਨ ਦੀ ਅਰਥਵਿਵਸਥਾ ਨਹੀਂ ਵਧੇਗੀ ਤੇ ਭਾਰਤ ਦੀ ਅਰਥਵਿਵਸਥਾ ਵਧੇਗੀ। ਉਨ੍ਹਾਂ ਗਲੋਬਲ ਰੇਟਿੰਗ ਏਜੰਸੀ ਗੋਲਡਮੈਨ ਸਾਕਸ ਦੇ ਅਨੁਮਾਨਾਂ ਦਾ ਹਵਾਲਾ ਦਿੱਤਾ, ਜਿਸ ਅਨੁਸਾਰ ਦੋਵੇਂ ਦੇਸ਼ 2075 ਤੱਕ 50 ਟ੍ਰਿਲੀਅਨ ਡਾਲਰ ਤੋਂ ਵੱਧ ਦੀ ਅਰਥਵਿਵਸਥਾ ਬਣ ਜਾਣਗੇ।
ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਸਰਵੋਤਮ ਸੰਭਾਵਿਤ ਨਤੀਜੇ ਹਾਸਲ ਕਰਨ ਲਈ ਅੰਤਰਰਾਸ਼ਟਰੀ ਪ੍ਰਣਾਲੀ ਦੀ ਵਰਤੋਂ ਕਰਨ ਲਈ ਕਾਫ਼ੀ ਆਤਮਵਿਸ਼ਵਾਸ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਚੀਨ ਅਤੇ ਭਾਰਤ ਵਿਚਾਲੇ ਕੋਈ ਹੱਲ ਹੈ ਅਤੇ ਕੀ ਦੋਵੇਂ ਦੇਸ਼ ਆਖਰਕਾਰ ਆਪਣੇ ਖੜੋਤ ਵਾਲੇ ਸਬੰਧਾਂ ਵਿੱਚ ਸੰਤੁਲਨ ਦੀ ਸਥਿਤੀ ਲਿਆ ਸਕਣਗੇ? ਉਨ੍ਹਾਂ ਕਿਹਾ ਕਿ 'ਇੱਥੇ ਇੱਕ ਤੁਰੰਤ ਮੁੱਦਾ ਹੈ। 1980 ਦੇ ਦਹਾਕੇ ਦੇ ਅਖੀਰ ਤੋਂ ਸਾਡੇ ਦਰਮਿਅਾਨ ਸਰਹੱਦੀ ਮੁੱਦੇ ’ਤੇ ਖਾਸ ਤੌਰ ’ਤੇ ਇੱਕ ਤਾਲਮੇਲ ਸੀ ਕਿਉਂਕਿ ਇਹ ਸਾਡੇ ਦੋਵਾਂ ਲਈ ਢੁਕਵਾਂ ਸੀ। ਹੁਣ ਕਰੀਬ 30 ਸਾਲਾਂ ਬਾਅਦ ਇਸ ਤੋਂ ਭਟਕਣ ਵਾਲਾ ਦੌਰ ਸ਼ੁਰੂ ਹੋ ਗਿਆ ਹੈ।