ਮਹਾਸ਼ਿਵਰਾਤਰੀ ਮੌਕੇ ਹਰਿਦੁਆਰ ''ਚ ਸ਼ੁਰੂ ਹੋਇਆ ''ਸ਼ਾਹੀ ਇਸ਼ਨਾਨ''
Thursday, Mar 11, 2021 - 01:28 PM (IST)
ਹਰਿਦੁਆਰ- ਦੇਸ਼ ਭਰ 'ਚ ਅੱਜ ਯਾਨੀ ਵੀਰਵਾਰ ਨੂੰ ਮਹਾਸ਼ਿਵਰਾਤਰੀ ਦੀ ਧੂਮ ਹੈ। ਭਗਵਾਨ ਸ਼ਿਵ ਦੇ ਭਗਤ ਸਵੇਰ ਤੋਂ ਹੀ ਮੰਦਰਾਂ 'ਚ ਲਾਈਨ 'ਚ ਲੱਗੇ ਹਨ। ਉੱਥੇ ਹੀ ਹਰਿਦੁਆਰ, ਕਾਸ਼ੀ, ਪ੍ਰਯਾਗਰਾਜ 'ਚ ਸ਼ਿਵ ਭਗਤਾਂ ਨੇ ਪਵਿੱਤਰ ਨਦੀਆਂ 'ਚ ਆਸਥਾ ਦੀ ਡੁੱਬਕੀ ਵੀ ਲਗਾਈ ਹੈ। ਇਸ ਖ਼ਾਸ ਦਿਨ 'ਤੇ ਹਰਿਦੁਆਰ ਦੇ ਕੁੰਭ ਮੇਲੇ 'ਚ 'ਸ਼ਾਹੀ ਇਸ਼ਨਾਨ' ਹੋ ਰਿਹਾ ਹੈ। ਇਸ ਸਮੇਂ ਭਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਕੋਰੋਨਾ ਤੋਂ ਬਚਣ ਲਈ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ ਪਰ ਸ਼ਿਵ ਭਗਤਾਂ ਦੀ ਸੁਰੱਖਿਆ ਦਾ ਵੀ ਪੂਰਾ ਖਿਆਲ ਪ੍ਰਸ਼ਾਸਨ ਰੱਖ ਰਿਹਾ ਹੈ।
ਹਰਿਦੁਆਰ 'ਚ ਜਾਰੀ ਕੁੰਭ ਦੇ ਸ਼ਾਹੀ ਇਸ਼ਨਾਨ 'ਚ ਹੁਣ ਤੱਕ 22 ਲੱਖ ਤੋਂ ਵੱਧ ਸ਼ਰਧਾਲੂ ਡੁੱਬਕੀ ਲਗਾ ਚੁਕੇ ਹਨ। ਹੁਣ ਘਾਟਾਂ ਨੂੰ ਅਖਾੜਿਆਂ ਲਈ ਖ਼ਾਲੀ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੁੰਭ ਮੇਲੇ 'ਚ ਆਈ.ਜੀ. ਪੁਲਸ ਸੰਜੇ ਗੁੰਜਯਾਲ ਨੇ ਇਹ ਜਾਣਕਾਰੀ ਦਿੱਤੀ ਹੈ। ਮਹਾਸ਼ਿਵਰਾਤਰੀ 'ਤੇ ਕੁੰਭ ਮੇਲਾ 2021 ਤੋਂ ਪਹਿਲਾਂ ਸ਼ਾਹੀ ਇਸ਼ਨਾਨ ਦੇ ਦਿਨ ਜੂਨਾ ਅਖਾੜਾ ਸਾਧੂਆਂ ਨੇ 'ਹਰ ਕੀ ਪੌੜੀ' 'ਤੇ ਇਸ਼ਨਾਨ ਕੀਤਾ।