ਗਾਇਬ ਪਤਨੀ ਨੂੰ ਲੱਭਦਾ ਹੋਇਆ ਦੋਸਤ ਦੇ ਘਰ ਪੁੱਜਿਆ ਪਤੀ, ਫਲੈਟ ਅੰਦਰ ਦੇਖਦੇ ਹੀ ਉੱਡੇ ਹੋਸ਼
Saturday, Nov 21, 2020 - 10:00 AM (IST)
ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ 'ਚ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖ਼ਸ ਦੀ ਪਤਨੀ ਗਾਇਬ ਹੋਈ ਤਾਂ ਉਹ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਦੌਰਾਨ ਉਸ ਨੇ ਆਪਣੇ ਖ਼ਾਸ ਦੋਸਤ ਨੂੰ ਫੋਨ ਲਗਾਇਆ ਪਰ ਉਸ ਨੇ ਫੋਨ ਨਹੀਂ ਚੁੱਕਿਆ। 2 ਦਿਨ ਬਾਅਦ ਜਦੋਂ ਉਹ ਦੋਸਤ ਦੇ ਫਲੈਟ 'ਤੇ ਗਿਆ ਤਾਂ ਦਰਵਾਜ਼ਾ ਖੁੱਲ੍ਹਾ ਮਿਲਿਆ। ਜਦੋਂ ਉਹ ਫਲੈਟ ਦੇ ਅੰਦਰ ਗਿਆ ਤਾਂ ਪਤਨੀ ਅਤੇ ਦੋਸਤ ਦੋਹਾਂ ਦੀਆਂ ਲਾਸ਼ਾਂ ਸੜੀ-ਗਲੀ ਹਾਲਤ 'ਚ ਪਈਆਂ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਜਨਾਨੀ ਦੀ ਪਛਾਣ 36 ਸਾਲਾ ਜਯੰਤੀ ਸ਼ਾਹ ਦੇ ਰੂਪ 'ਚ ਹੋਈ ਹੈ, ਜੋ 17 ਨਵੰਬਰ ਤੋਂ ਲਾਪਤਾ ਸੀ ਅਤੇ ਉਸ ਦੇ ਪਤੀ ਅਜੀ ਨੇ ਸ਼ਿਵਾਜੀ ਨਗਰ ਪੁਲਸ ਸਟੇਸ਼ਨ 'ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਦੂਜੀ ਲਾਸ਼ ਉਸ ਨਾਲ ਕੰਮ ਕਰਨ ਵਾਲੇ 39 ਸਾਲਾ ਸੰਦੀਪ ਸਕਸੈਨਾ ਦੀ ਸੀ।
ਸੰਦੀਪ ਸਕਸੈਨਾ ਨੇ ਆਪਣੇ ਗਲ਼ੇ ਨੂੰ ਵੱਢਣ ਲਈ ਸਟੋਨ ਗ੍ਰਾਇੰਡਰ ਕਟਰ ਦੀ ਵਰਤੋਂ ਕੀਤੀ ਸੀ। ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਸੀ ਕਿ ਸੰਦੀਪ ਨੇ ਪਹਿਲਾਂ ਜਯੰਤੀ ਦਾ ਕਤਲ ਕੀਤਾ ਅਤੇ ਬਾਅਦ 'ਚ ਖ਼ੁਦ ਦਾ ਵੀ ਗਲ਼ਾ ਵੱਢ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਕਸੈਨਾ ਅਤੇ ਅਜੀਤ ਅੰਬਰਨਾਥ 'ਚ ਇਕ ਨਿੱਜੀ ਫਰਮ 'ਚ ਕੰਮ ਕਰਦੇ ਹਨ। ਸਕਸੈਨਾ ਨਿਯਮਿਤ ਰੂਪ ਨਾਲ ਅਜੀਤ ਦੇ ਘਰ ਆਉਂਦਾ ਸੀ ਅਤੇ ਉਸ ਦੀ ਪਤਨੀ ਜਯੰਤੀ ਦੀ ਉਸ ਨਾਲ ਦੋਸਤੀ ਹੋ ਗਈ ਸੀ। ਪੁਲਸ ਨੂੰ ਦਿੱਤੇ ਬਿਆਨ 'ਚ ਅਜੀਤ ਨੇ ਦੱਸਿਆ ਕਿ ਜਯੰਤੀ ਅਤੇ ਸਕਸੈਨਾ ਦਰਮਿਆਨ ਸੰਬੰਧ ਸਨ ਅਤੇ ਉਸ ਨੇ ਇਸ ਦਾ ਵਿਰੋਧ ਕੀਤਾ ਸੀ। 17 ਨਵੰਬਰ ਨੂੰ ਜਯੰਤੀ ਲਾਪਤਾ ਹੋ ਗਈ ਅਤੇ ਸਕਸੈਨਾ ਨੇ ਅਜੀਤ ਵਲੋਂ ਕੀਤੇ ਗਏ ਫੋਨ ਦਾ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਵੀਰਵਾਰ ਨੂੰ ਅਜੀਤ ਨੇ ਸਕਸੈਨਾ ਦੇ ਘਰ ਦੀ ਜਾਂਚ ਕੀਤੀ। ਜਦੋਂ ਦਰਵਾਜ਼ਾ ਖੜਕਾਇਆ ਗਿਆ ਤਾਂ ਉਹ ਖੁੱਲ੍ਹਾ ਮਿਲਿਆ। ਅੰਦਰ ਜਯੰਤੀ ਅਤੇ ਸਕਸੈਨਾ ਦੋਹਾਂ ਨੂੰ ਫਲੈਟ 'ਚ ਮ੍ਰਿਤਕ ਪਾਇਆ ਗਿਆ।
ਇਹ ਵੀ ਪੜ੍ਹੋ : ਕੇਰਲ: ਸਥਾਨਕ ਚੋਣਾਂ 'ਚ ਭਾਜਪਾ ਲਈ ਵੋਟਾਂ ਮੰਗਣ 'ਚ ਮਸ਼ਰੂਫ਼ 'ਕੋਰੋਨਾ'