ਮਹਾਰਾਸ਼ਟਰ ’ਚ ਭਿਆਨਕ ਸੜਕ ਹਾਦਸਾ, ਟਰੱਕ ਪਲਟਣ ਨਾਲ 16 ਮਜ਼ਦੂਰ ਮਰੇ
Monday, Feb 15, 2021 - 10:52 AM (IST)
 
            
            ਜਲਗਾਂਵ— ਮਹਾਰਾਸ਼ਟਰ ਦੇ ਜਲਗਾਂਵ ਜ਼ਿਲ੍ਹੇ ’ਚ ਐਤਵਾਰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਯਾਵਲ ਤਾਲੁਕ ਦੇ ਕਿਗਾਂਵ ਨੇੜੇ ਪਪੀਤੇ ਨਾਲ ਲੱਦਿਆ ਟਰੱਕ ਪਲਟਣ ਕਾਰਨ 16 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਹੋਰ ਜ਼ਖਮੀ ਹੋ ਗਏ ਹਨ। ਜਲਗਾਂਵ ਪੁਲਸ ਦਾ ਕਹਿਣਾ ਹੈ ਕਿ ਟਰੱਕ ਪਲਟਣ ਕਾਰਨ 16 ਮਜ਼ਦੂਰਾਂ ਦੀ ਮੌਤ ਹੋ ਗਈ। ਸਾਰੇ ਮਿ੍ਰਤਕ ਜ਼ਿਲ੍ਹੇ ਦੇ ਅਭੋਦਾ, ਕਰਹਲਾ ਅਤੇ ਰਾਵੇਰ ਦੇ ਮਜ਼ਦੂਰ ਸਨ। ਦੱਸਿਆ ਜਾ ਰਿਹਾ ਹੈ ਕਿ ਸੜਕ ’ਤੇ ਕਈ ਟੋਏ ਸਨ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਪੁਲਸ ਨੇ ਦੱਸਿਆ ਕਿ 5 ਮਜ਼ਦੂਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਸਥਾਨਕ ਹਸਪਤਾਲ ’ਚ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜਲਗਾਂਵ ਅਤੇ ਯਾਵਲ ਦੀ ਪੁਲਸ ਮੌਕੇ ’ਤੇ ਪੁੱਜੀ। ਕਰੇਨ ਦੀ ਮਦਦ ਨਾਲ ਪਲਟੇ ਟਰੱਕ ਨੂੰ ਸਿੱਧਾ ਕੀਤਾ ਗਿਆ। ਇਸ ਤੋਂ ਬਾਅਦ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਟਰੱਕ ਵਿਚ 21 ਮਜ਼ਦੂਰ ਸਵਾਰ ਸਨ।
ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਗਾਂਵ ਹਾਦਸੇ ’ਤੇ ਦੁੱਖ ਜਤਾਇਆ ਅਤੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ। ਨਾਲ ਹੀ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਵੀ ਕੀਤੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            