ਮਹਾਰਾਸ਼ਟਰ ਦੇ ਆਦਿਵਾਸੀ ਕਿਸਾਨ ਹੁਣ ਨਿੱਜੀ ਕੰਪਨੀਆਂ ਨੂੰ ਦੇ ਸਕਣਗੇ ਪੱਟੇ ’ਤੇ ਜ਼ਮੀਨ
Saturday, Sep 20, 2025 - 11:35 PM (IST)

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਮਾਲ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਆਦਿਵਾਸੀ ਕਿਸਾਨ ਜਲਦੀ ਹੀ ਖੇਤੀਬਾੜੀ ਜਾਂ ਖਣਿਜ ਖੋਜ ਲਈ ਆਪਣੀ ਜ਼ਮੀਨ ਨਿੱਜੀ ਕੰਪਨੀਆਂ ਨੂੰ ਪੱਟੇ ’ਤੇ ਦੇ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਵਾਧੂ ਆਮਦਨ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਇਹ ਕਦਮ ਨਾ ਸਿਰਫ਼ ਆਦਿਵਾਸੀਆਂ ਨੂੰ ਆਮਦਨ ਦਾ ਇਕ ਸਥਿਰ ਸਰੋਤ ਪ੍ਰਦਾਨ ਮਿਲੇਗਾ, ਸਗੋਂ ਉਨ੍ਹਾਂ ਦੇ ਮਾਲਕੀ ਅਧਿਕਾਰਾਂ ਦੀ ਵੀ ਰੱਖਿਆ ਹੋਵੇਗੀ।
ਬਾਵਨਕੁਲੇ ਨੇ ਗਡਚਿਰੋਲੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਜਲਦੀ ਹੀ ਇਕ ਕਾਨੂੰਨ ਲਿਆਂਦਾ ਜਾਵੇਗਾ। ਮੈਂ ਤੁਹਾਨੂੰ ਇਹ ਅਧਿਕਾਰਤ ਤੌਰ ’ਤੇ ਐਲਾਨ ਹੋਣ ਤੋਂ ਪਹਿਲਾਂ ਹੀ ਦੱਸ ਰਿਹਾ ਹਾਂ। ਇਸ ਨੀਤੀ ਦੇ ਤਹਿਤ ਆਦਿਵਾਸੀ ਕਿਸਾਨ ਖੇਤੀਬਾੜੀ ਉਦੇਸ਼ਾਂ ਜਾਂ ਖਣਿਜ ਖੋਜ ਲਈ ਆਪਣੀ ਜ਼ਮੀਨ ਸਿੱਧੇ ਨਿੱਜੀ ਕੰਪਨੀਆਂ ਨੂੰ ਪੱਟੇ ’ਤੇ ਦੇ ਸਕਣਗੇ। ਇਸ ਵੇਲੇ, ਆਦਿਵਾਸੀ ਕਿਸਾਨਾਂ ਨੂੰ ਨਿੱਜੀ ਕੰਪਨੀਆਂ ਨਾਲ ਖੁੱਲ੍ਹ ਕੇ ਪੱਟੇ ਸਬੰਧੀ ਸਮਝੌਤਾ ਕਰਨ ਦੀ ਇਜਾਜ਼ਤ ਨਹੀਂ ਹੈ।
ਮੰਤਰੀ ਮੁਤਾਬਕ, ਪ੍ਰਕਿਰਿਆ ਵਿਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਸਮਝੌਤਿਆਂ ਵਿਚ ਜ਼ਿਲਾ ਮੈਜਿਸਟ੍ਰੇਟ ਦੀ ਸ਼ਮੂਲੀਅਤ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਪੱਟਾ ਕਿਰਾਇਆ 50,000 ਰੁਪਏ ਪ੍ਰਤੀ ਏਕੜ ਸਾਲਾਨਾ ਜਾਂ 1,25,000 ਰੁਪਏ ਪ੍ਰਤੀ ਹੈਕਟੇਅਰ ਸਾਲਾਨਾ ਹੋਵੇਗਾ। ਕਿਸਾਨ ਅਤੇ ਨਿੱਜੀ ਧਿਰਾਂ ਆਪਸੀ ਸਹਿਮਤੀ ਨਾਲ ਜ਼ਿਆਦਾ ਰਕਮ ’ਤੇ ਫੈਸਲਾ ਲੈ ਸਕਦੇ ਹਨ।