ਮਹਾਰਾਸ਼ਟਰ ’ਚ ਡੈਲਟਾ ਪਲੱਸ ਵੇਰੀਐਂਟ ਨਾਲ ਪਹਿਲੀ ਮੌਤ ਨੇ ਵਧਾਈ ਸਰਕਾਰ ਦੀ ਚਿੰਤਾ
Saturday, Jun 26, 2021 - 12:56 PM (IST)
ਮੁੰਬਈ– ਮਹਾਰਾਸ਼ਟਰ ’ਚ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨਾਲ ਮੌਤ ਹੋਣ ਦਾ ਪਹਿਲੀ ਮਾਮਲਾ ਸਾਹਮਣੇ ਆਇਆ ਹੈ। ਰਤਨਾਗਿਰੀ ’ਚ ਇਕ 80 ਸਾਲਾ ਬਜ਼ੁਰਗ ਜਨਾਨੀ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਵਿਚਕਾਰ ਮਹਾ ਵਿਕਾਸ ਅਘਾੜੀ ਸਰਕਾਰ ਨੇ ਸ਼ੁੱਕਰਵਾਰ ਨੂੰ ਪੂਰੇ ਮਹਾਰਾਸ਼ਟਰ ’ਚ ਲੈਵਲ-3 ਨਿਯਮਾਂ ਨੂੰ ਲਾਗੂ ਕਰਨ ਦੇ ਨਾਲ ਹੀ ਸਖ਼ਤ ਪਾਬੰਦੀਆਂ ਲਗਾਉਣ ਦੇ ਸੰਕੇਤ ਦਿੱਤੇ ਹਨ। ਐੱਫ.ਡੀ.ਏ. ਮੰਤਰੀ ਡਾ. ਰਾਜੇਂਦਰ ਸ਼ਿੰਗਨੇ ਨੇ ਚਿਤਾਵਨੀ ਦਿੱਤੀ ਹੈ ਕਿ ਸੰਭਾਵਿਤ ਤੀਜੀ ਲਹਿਰ ’ਚ 50 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ’ਚੋਂ ਲਗਭਗ 8 ਲੱਖ ਸਰਗਰਮ ਮਾਮਲੇ ਹੋਣਗੇ ਜਿਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਨ ਦੀ ਲੋੜ ਹੋਵੇਗੀ।
ਉਨ੍ਹਾਂ ਨੇ ਖਦਸ਼ਾ ਜਤਾਇਆ ਕਿ 10 ਫੀਸਦੀ ਤਕ ਪੀੜ (5 ਲੱਖ) ਬੱਚੇ ਹੋ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸਾਰੇ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਨ ਦੀ ਅਪੀਲ ਕੀਤੀ। ਸੂਬੇ ’ਚ ਤਿੰਨ ਕਰੋੜ ਟੀਕਾਕਰਨ ਦਾ ਅੰਕੜਾ ਪਾਰ ਹੋ ਚੁੱਕਾ ਹੈ, ਜੋ ਭਾਰਤ ’ਚ ਸਭ ਤੋਂ ਜ਼ਿਆਦਾ ਹੈ ਪਰ ਤੀਜੀ ਲਹਿਰ ਦੀ ਸੰਭਾਵਨਾ ਵਿਚਕਾਰ ਸੂਬਾ ਕੋਈ ਵੀ ਅਣਗਹਿਲੀ ਨਹੀਂ ਵਰਤਣਾ ਚਾਹੁੰਦਾ।
ਹੁਣ ਹੋਰ ਸਖਤੀ ਨਾਲ ਲਾਗੂ ਹੋਣਗੇ ਨਿਯਮ
ਮਹਾਰਾਸ਼ਟਰ ’ਚ ਅਨਲਾਕ-3 ਨਿਯਮਾਂ ਤਹਿਤ, ਸਾਰੀਆਂ ਦੁਕਾਨਾਂ ਸ਼ਾਮ 4 ਵਜੇ ਤਕ ਬੰਦ ਹੋ ਜਾਣਗੀਆਂ। ਮਾਲ ਅਤੇ ਸਿਨੇਮਾਘਰ ਬੰਦ ਰਹਿਣਗੇ ਅਤੇ ਲੋਕਾਂ ਦੀ ਬਿਨਾਂ ਕਿਸੇ ਕੰਮ ਦੇ ਆਵਾਜਾਈ ’ਤੇ ਸਖ਼ਤੀ ਨਾਲ ਰੋਕ ਲੱਗੇਗੀ। ਸਿਹਤ ਮੰਤਰੀ ਰਜੇਸ਼ ਟੋਪੇ ਨੇ ਕਿਹਾ ਕਿ ਕੋਵਿਡ ਦੇ ਡੈਲਟਾ ਪਲੱਸ ਵੇਰੀਐਂਟ ਕਾਰਨ ਰਤਨਾਗਿਰੀ ਦੀ ਇਕ 80 ਸਾਲਾ ਮਰੀਜ਼ ਦੀ ਮੌਤ ਹੋ ਗਈ ਹੈ। ਮੌਜੂਦਾ ਸਮੇਂ ’ਚ ਸੂਬੇ ’ਚ ਇਸ ਦੇ ਲਗਭਗ 21 ਮਾਮਲੇ ਹਨ। ਇਨ੍ਹਾਂ ’ਚੋਂ ਰਤਨਾਗਿਰੀ ’ਚ ਸਭ ਤੋਂ ਜ਼ਿਆਦਾ (9), ਉਸ ਤੋਂ ਬਾਅਦ ਜਲਗਾਓਂ (7), ਮੁੰਬਈ (2) ਅਤੇ ਠਾਣੇ, ਪਾਲਘਰ ਅਤੇ ਸਿੰਧੁਦੁਰਗ ਜ਼ਿਲ੍ਹਿਆਂ ’ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਨਾਲ ਹੀ ਸੂਬੇ ਦੇ ਬਾਕੀ ਹਿੱਸਿਆਂ ’ਚ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।