ਮਹਾਰਾਸ਼ਟਰ 'ਚ ਪੋਲੀਓ ਦੀ ਦਵਾਈ ਦੀ ਜਗ੍ਹਾ 12 ਬੱਚਿਆਂ ਨੂੰ ਪਿਲਾ ਦਿੱਤਾ ਸੈਨੀਟਾਈਜ਼ਰ, ਹਾਲਤ ਵਿਗੜੀ
Tuesday, Feb 02, 2021 - 11:16 AM (IST)
ਯਵਤਮਾਲ- ਮਹਾਰਾਸ਼ਟਰ ਦੇ ਯਵਤਮਾਲ 'ਚ ਪੋਲੀਓ ਡਰਾਪ ਵੈਕਸੀਨੇਸ਼ਨ 'ਚ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ 5 ਸਾਲ ਤੋਂ ਘੱਟ ਉਮਰ ਵਾਲੇ 12 ਬੱਚਿਆਂ ਨੂੰ ਉਦੋਂ ਹਸਪਤਾਲ 'ਚ ਦਾਖ਼ਲ ਕਰਵਾਉਣਾ ਪੈ ਗਿਆ, ਜਦੋਂ ਸੋਮਵਾਰ ਨੂੰ ਉਨ੍ਹਾਂ ਨੂੰ ਪੋਲੀਓ ਦੀ ਦਵਾਈ ਦੀ ਜਗ੍ਹਾ ਹੈਂਡ ਸੈਨੀਟਾਈਜ਼ਰ ਪਿਲਾ ਦਿੱਤਾ ਗਿਆ। ਯਵਤਮਾਲ ਜ਼ਿਲ੍ਹਾ ਕੌਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਕ੍ਰਿਸ਼ਨਾ ਪਾਂਚਾਲ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਦਾਖ਼ਲ ਬੱਚੇ ਹੁਣ ਠੀਕ ਹਨ ਅਤੇ ਇਸ ਘਟਨਾ ਨਾਲ ਜੁੜੇ ਤਿੰਨ ਕਰਮੀਆਂ-ਇਕ ਸਿਹਤ ਕਰਮੀ, ਇਕ ਡਾਕਟਰ ਅਤੇ ਇਕ ਆਸ਼ਾ ਵਰਕਰ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਪਾਂਚਾਲ ਨੇ ਸੋਮਵਾਰ ਨੂੰ ਦੱਸਿਆ,''ਯਵਤਮਾਲ 'ਚ 5 ਸਾਲ ਦੀ ਉਮਰ ਤੋਂ ਘੱਟ ਦੇ 12 ਬੱਚਿਆਂ ਨੂੰ ਪੋਲੀਓ ਬੂੰਦ ਦੀ ਬਜਾਏ ਹੈਂਡ ਸੈਨੀਟਾਈਜ਼ਰ ਦੇ ਦਿੱਤਾ ਗਿਆ ਸੀ। ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਹੁਣ ਉਹ ਠੀਕ ਹਨ। ਇਕ ਸਿਹਤ ਕਰਮੀ, ਇਕ ਡਾਕਟਰ ਅਤੇ ਇਕ ਆਸ਼ਾ ਵਰਕਰ ਨੂੰ ਮੁਅੱਤਲ ਕੀਤਾ ਜਾਵੇਗਾ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।''
ਇਹ ਵੀ ਪੜ੍ਹੋ : ਰਾਹੁਲ ਨੇ ਮੋਦੀ ਸਰਕਾਰ 'ਤੇ ਬੋਲਿਆ ਹਮਲਾ, ਕਿਹਾ- ਪੁਲ ਬਣਾਓ, ਕੰਧਾਂ ਨਹੀਂ
ਇਹ ਘਟਨਾ ਉਦੋਂ ਸਾਹਮਣੇ ਆਈ ਹੈ, ਜਦੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 30 ਜਨਵਰੀ ਨੂੰ ਰਾਸ਼ਟਰਪਤੀ ਭਵਨ 'ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਲ 2021 'ਚ ਨੈਸ਼ਨਲ ਪੋਲੀਓ ਇਮਊਨਾਈਜੇਸ਼ਨ ਡਰਾਈਵ ਲਾਂਚ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲਾ ਅਨੁਸਾਰ,''ਭਾਰਤ ਪਿਛਲੇ ਇਕ ਦਹਾਕੇ ਤੋਂ ਪੋਲੀਓ ਮੁਕਤ ਹੈ। ਆਖ਼ਰੀ ਪੋਲੀਓ ਦਾ ਕੇਸ ਦੇਸ਼ 'ਚ 13 ਜਨਵਰੀ 2011 ਨੂੰ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕਿਸਾਨਾਂ ਦੇ ਮੁੱਦੇ 'ਤੇ ਰਾਜਸਭਾ 'ਚ ਹੰਗਾਮਾ, ਵਿਰੋਧੀ ਧਿਰਾਂ ਦੀ ਨਾਅਰੇਬਾਜ਼ੀ ਕਾਰਨ ਕਾਰਵਾਈ ਮੁਲਤਵੀ
ਨੋਟ : ਪੋਲੀਓ ਦੀ ਦਵਾਈ ਦੀ ਜਗ੍ਹਾ ਬੱਚਿਆਂ ਨੂੰ ਸੈਨੀਟਾਈਜ਼ਰ ਪਿਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ? ਕੁਮੈਂਟ ਕਰਕੇ ਦਿਓ ਆਪਣੀ ਰਾਏ