‘ਫਾਸਟੈਗ’ ਦੀ ਮਦਦ ਨਾਲ ਹਲ ਕੀਤਾ ਲੁੱਟ ਦਾ ਮਾਮਲਾ, 6 ਗ੍ਰਿਫ਼ਤਾਰ

Thursday, Feb 09, 2023 - 11:53 AM (IST)

‘ਫਾਸਟੈਗ’ ਦੀ ਮਦਦ ਨਾਲ ਹਲ ਕੀਤਾ ਲੁੱਟ ਦਾ ਮਾਮਲਾ, 6 ਗ੍ਰਿਫ਼ਤਾਰ

ਠਾਣੇ (ਮਹਾਰਾਸ਼ਟਰ), (ਭਾਸ਼ਾ)- ਨਵੀ ਮੁੰਬਈ ਪੁਲਸ ਨੇ ‘ਫਾਸਟੈਗ’ ਪ੍ਰਣਾਲੀ ਦੀ ਮਦਦ ਨਾਲ ਮੁੰਬਈ-ਪੁਣੇ ਹਾਈਵੇਅ ’ਤੇ 2.17 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਨੂੰ ਹਲ ਕਰ ਲਿਆ ਹੈ। ਇਸ ਵਿਚ ਸ਼ਾਮਲ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ।

ਪਨਵੇਲ ਥਾਣੇ ਦੇ ਸੀਨੀਅਰ ਇੰਸਪੈਕਟਰ ਅਨਿਲ ਪਾਟਿਲ ਨੇ ਦੱਸਿਆ ਕਿ 26 ਜਨਵਰੀ ਨੂੰ ਇਕ ਚਿੱਟੇ ਰੰਗ ਦੀ ਕਾਰ ’ਚ ਸਵਾਰ ਮੁਲਜ਼ਮਾਂ ਨੇ ਪਨਵੇਲ ਇਲਾਕੇ ’ਚ ਇਕ ਹੋਰ ਕਾਰ ਨੂੰ ਰੋਕ ਕੇ ਕਥਿਤ ਤੌਰ ’ਤੇ ਸਵਾਰੀਆਂ ਤੋਂ 2.17 ਲੱਖ ਰੁਪਏ ਦਾ ਸਾਮਾਨ ਲੁੱਟ ਲਿਆ ਅਤੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪੁਲਸ ਦੀ ਜਾਂਚ ਟੀਮ ਨੇ ਨੇੜਲੇ ਨਾਕੇ ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਸਕੈਨ ਕੀਤਾ ਅਤੇ ਚਿੱਟੇ ਰੰਗ ਦੀ ਕਾਰ ਦੀ ਪਛਾਣ ਕੀਤੀ। ਫਿਰ ਪੁਲਸ ਨੇ ‘ਫਾਸਟੈਗ’ ਭਾਵ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਸਿਸਟਮ ਤੋਂ ਕਾਰ ਅਤੇ ਉਸ ਦੇ ਮਾਲਕ ਦੀ ਜਾਣਕਾਰੀ ਹਾਸਲ ਕੀਤੀ।

ਕਾਰ ਦਾ ਪਤਾ ਲਾ ਲਿਆ ਗਿਆ। ਉਸ ਦਾ ਪਿੱਛਾ ਕੀਤਾ ਗਿਆ। ਕਾਰ ਨੂੰ ਖਾਲਾਪੁਰ ਨੇੜੇ ਨਾਕੇ ’ਤੇ ਰੋਕਿਆ ਗਿਆ। ਉਸ ਤੋਂ ਬਾਅਦ ਮਾਲਕ ਦਾ ਪਤਾ ਲਾਇਆ ਗਿਆ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਰਾਜੂ ਪੁਕਲੇ (55), ਪ੍ਰਮੋਦ ਕੋਕਰੇ (28), ਮੇਅੱਪਾ ਵਾਲਕੁੰਡੇ (24), ਕਿਰਨ ਸਰਗਰ (28), ਅਸ਼ੋਕ ਪਾਟਿਲ (23) ਅਤੇ ਸੰਦੀਪ ਕੋਕਰੇ (23) ਵਜੋਂ ਹੋਈ ਹੈ।


author

Rakesh

Content Editor

Related News