ਕਿਸਾਨਾਂ ਨੂੰ ਸੌਗਾਤ, ਝੋਨੇ ਦੇ MSP 'ਤੇ 700 ਰੁਪਏ ਹੋਰ ਦੇਵੇਗਾ ਇਹ ਸੂਬਾ
Tuesday, Nov 24, 2020 - 10:51 PM (IST)
ਮੁੰਬਈ— ਮਹਾਰਾਸ਼ਟਰ ਦੇ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਝੋਨੇ ਦੇ ਕਿਸਾਨਾਂ ਲਈ ਇਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤਹਿਤ ਕਿਸਾਨਾਂ ਨੂੰ ਕੇਂਦਰ ਵੱਲੋਂ ਨਿਰਧਾਰਤ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਤੋਂ ਉਪਰ 700 ਰੁਪਏ ਪ੍ਰਤੀ ਕੁਇੰਟਲ ਵਾਧੂ ਰਕਮ ਮਿਲੇਗੀ।
ਸਾਉਣੀ ਮੌਸਮ 2020-21 ਲਈ ਕੇਂਦਰ ਸਰਕਾਰ ਨੇ ਝੋਨੇ ਦੀ ਆਮ ਕਿਸਮ ਲਈ 1,868 ਰੁਪਏ ਅਤੇ ਉੱਚ ਗ੍ਰੇਡ ਦੇ ਝੋਨੇ ਲਈ 1,888 ਰੁਪਏ ਪ੍ਰਤੀ ਕੁਇੰਟਲ ਮੁੱਲ ਨਿਰਧਾਰਤ ਕੀਤਾ ਹੈ।
ਹਾਲਾਂਕਿ, ਕਿਉਂਕਿ ਭਾਰੀ ਮਾਨਸੂਨ ਦੀ ਬਾਰਸ਼ ਕਾਰਨ ਫ਼ਸਲ ਪ੍ਰਭਾਵਿਤ ਹੋਈ ਹੈ, ਇਸ ਲਈ ਮਹਾਰਾਸ਼ਟਰ 'ਚ ਝੋਨੇ ਦੇ ਉਤਪਾਦਕਾਂ ਨੂੰ ਸੂਬਾ ਸਰਕਾਰ ਵੱਲੋਂ ਐੱਮ. ਐੱਸ. ਪੀ. ਤੋਂ ਵਾਧੂ ਰਕਮ ਅਦਾ ਕੀਤੀ ਜਾਏਗੀ। ਸੂਬਾ ਸਰਕਾਰ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਨਾਲ ਸੂਬੇ ਦੇ ਖ਼ਜ਼ਾਨੇ 'ਚੋਂ 1,400 ਕਰੋੜ ਰੁਪਏ ਵਾਧੂ ਖਰਚ ਹੋਣਗੇ। ਇਸ ਸਾਲ ਸੂਬਾ ਸਰਕਾਰ ਵੱਲੋਂ 1.78 ਲੱਖ ਕੁਇੰਟਲ ਝੋਨੇ ਦੀ ਖ਼ਰੀਦ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਦੇ ਹੋਣਗੇ ਪੰਜ ਟੀਕੇ, ਅਪ੍ਰੈਲ ਤੋਂ ਮਿਲੇਗੀ ਇਹ ਵੈਕਸੀਨ
ਸਮਰਥਨ ਮੁੱਲ 'ਤੇ 700 ਰੁਪਏ ਜ਼ਿਆਦਾ ਦੇਣ ਦਾ ਫ਼ੈਸਲਾ ਮੰਤਰੀ ਦੀ ਬੈਠਕ 'ਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਊਧਵ ਠਾਕਰੇ ਨੇ ਕੀਤੀ। ਇਕ ਹੋਰ ਮਹੱਤਵਪੂਰਨ ਕਦਮ 'ਚ ਸੂਬਾ ਸਰਕਾਰ ਨੇ ਸੂਬੇ 'ਚ ਕਪਾਹ ਖਰੀਦ ਕੇਂਦਰ ਸ਼ੁਰੂ ਕੀਤੇ ਹਨ। ਇਸ ਸਾਲ 42.86 ਲੱਖ ਹੈਕਟੇਅਰ ਰਕਬੇ 'ਚ ਕਪਾਹ ਦੀ ਬਿਜਾਈ ਕੀਤੀ ਗਈ ਹੈ ਅਤੇ ਕੁੱਲ ਉਤਪਾਦਨ 450 ਲੱਖ ਕੁਇੰਟਲ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਸੋਨੇ ਦੇ ਮੁੱਲ 'ਚ ਵੱਡੀ ਗਿਰਾਵਟ, ਚਾਂਦੀ 1,588 ਰੁਪਏ ਡਿੱਗੀ