ਚੋਣ ਕਮਿਸ਼ਨ ਨੇ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਕੀਤਾ ਐਲਾਨ
Saturday, Sep 21, 2019 - 12:25 PM (IST)
ਨਵੀਂ ਦਿੱਲੀ— ਲੋਕ ਸਭਾ ਚੋਣਾਂ ਖਤਮ ਹੋਣ ਦੇ ਚਾਰ ਮਹੀਨੇ ਬਾਅਦ ਇਕ ਵਾਰ ਫਿਰ ਦੇਸ਼ 'ਚ ਚੋਣਾਵੀ ਮੌਸਮ ਆ ਗਿਆ ਹੈ। ਚੋਣ ਕਮਿਸ਼ਨ ਨੇ ਸ਼ਨੀਵਾਰ ਦੁਪਹਿਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਮਹਾਰਾਸ਼ਟਰ ਅਤੇ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਦੋਹਾਂ ਰਾਜਾਂ 'ਚ 21 ਅਕਤੂਬਰ ਨੂੰ ਇਕ ਹੀ ਪੜਾਅ 'ਚ ਵੋਟਿੰਗ ਹੋਵੇਗੀ, ਜਦੋਂ ਕਿ 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣਾਵੀ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਹਾਂ ਰਾਜਾਂ 'ਚ 27 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ। 4 ਅਕਤੂਬਰ ਤੱਕ ਨਾਮਜ਼ਦਗੀ ਕੀਤੀ ਜਾ ਸਕਦੀ ਹੈ ਅਤੇ 7 ਅਕਤੂਬਰ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੀਆਂ 64 ਵਿਧਾਨ ਸਭਾ ਸੀਟਾਂ ਅਤੇ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ 'ਤੇ ਉੱਪ ਚੋਣਾਂ ਵੀ 21 ਅਕਤੂਬਰ ਨੂੰ ਹੋਣਗੀਆਂ।
ਚੋਣ ਜ਼ਾਬਤਾ ਵੀ ਹੋਈ ਲਾਗੂ
288 ਵਿਧਾਨ ਸਭਾ ਸੀਟਾਂ ਵਾਲੇ ਮਹਾਰਾਸ਼ਟਰ 'ਚ ਅਤੇ 90 ਵਿਧਾਨ ਸਭਾ ਸੀਟਾਂ ਵਾਲੇ ਹਰਿਆਣਾ 'ਚ ਇਕ ਹੀ ਰਾਊਂਡ 'ਚ ਵੋਟਿੰਗ ਹੋਵੇਗੀ। ਚੋਣਾਵੀ ਸ਼ੈਡਿਊਲ ਦੇ ਐਲਾਨ ਦੇ ਨਾਲ ਹੀ ਦੋਹਾਂ ਰਾਜਾਂ 'ਚ ਚੋਣ ਜ਼ਾਬਤਾ ਵੀ ਲਾਗੂ ਹੋ ਗਈ ਹੈ। ਹੁਣ ਦੋਹਾਂ ਰਾਜਾਂ 'ਚ ਕੋਈ ਨਵਾਂ ਐਲਾਨ ਨਹੀਂ ਕੀਤਾ ਜਾ ਸਕੇਗਾ। ਮਹਾਰਾਸ਼ਟਰ 'ਚ 8.9 ਕਰੋੜ ਵੋਟਰ ਅਤੇ ਹਰਿਆਣਾ 'ਚ 1.28 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਭਾਜਪਾ ਲਈ ਆਪਣੀ ਸੱਤਾ ਬਚਾਏ ਰੱਖਣਾ ਚੁਣੌਤੀ
ਮਹਾਰਾਸ਼ਟਰ 'ਚ ਵੋਟਿੰਗ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ 1.8 ਲੱਖ ਈ.ਵੀ.ਐੱਮ. ਦੀ ਵਰਤੋਂ ਹੋਵੇਗੀ, ਜਦੋਂ ਕਿ ਹਰਿਆਣਾ 'ਚ 1.3 ਲੱਖ ਈ.ਵੀ.ਐੱਮ. ਦੀ ਵਰਤੋਂ ਹੋਵੇਗੀ। ਹਰਿਆਣਾ 'ਚ 2 ਨਵੰਬਰ ਨੂੰ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋ ਰਿਹਾ ਹੈ, ਜਦੋਂ ਕਿ ਮਹਾਰਾਸ਼ਟਰ 'ਚ 9 ਨਵੰਬਰ ਨੂੰ ਕਾਰਜਕਾਲ ਖਤਮ ਹੋਵੇਗਾ। ਫਿਲਹਾਲ ਦੋਹਾਂ ਹੀ ਰਾਜਾਂ 'ਚ ਭਾਜਪਾ ਸੱਤਾ 'ਚ ਹੈ, ਅਜਿਹੇ 'ਚ ਉਸ ਲਈ ਦੋਹਾਂ ਰਾਜਾਂ 'ਚ ਆਪਣੀ ਸੱਤਾ ਨੂੰ ਬਚਾਏ ਰੱਖਣ ਦੀ ਚੁਣੌਤੀ ਹੋਵੇਗੀ। ਮਹਾਰਾਸ਼ਟਰ 'ਚ ਭਾਜਪਾ ਸ਼ਿਵ ਸੈਨਾ ਨਾਲ ਗਠਜੋੜ ਸਰਕਾਰ ਚੱਲਾ ਰਹੀ ਹੈ, ਜਦੋਂ ਕਿ ਹਰਿਆਣਾ 'ਚ ਉਹ ਬਹੁਮਤ ਨਾਲ ਸ਼ਾਸਨ 'ਚ ਹੈ।
ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ
ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅਪਰਾਧਕ ਰਿਕਾਰਡ ਦੀ ਜਾਣਕਾਰੀ ਨਾ ਦੇਣ 'ਤੇ ਉਮੀਦਵਾਰ ਦਾ ਪਰਚਾ ਰੱਦ ਹੋਵੇਗਾ। ਕਮਿਸ਼ਨ ਨੇ ਉਮੀਦਵਾਰ ਲਈ ਖਰਚ ਦੀ ਸੀਮਾ 28 ਲੱਖ ਰੁਪਏ ਤੈਅ ਕੀਤੀ ਹੈ। ਚੋਣਾਵੀ ਖਰਚ ਦੀ ਨਿਗਰਾਨੀ ਲਈ ਸੁਪਰਵਾਈਜ਼ਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਚੋਣਾਂ 'ਚ ਹਿੱਸਾ ਲੈ ਰਹੇ ਉਮੀਦਵਾਰਾਂ ਨੂੰ ਆਪਣੇ ਹਥਿਆਰ ਜਮ੍ਹਾ ਕਰਵਾਉਣੇ ਹੋਣਗੇ। ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਪ੍ਰਚਾਰ 'ਚ ਵਾਤਾਵਰਣ ਦਾ ਧਿਆਨ ਰੱਖਦੇ ਹੋਏ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ।