ਹੜ੍ਹ ਕਾਰਨ ਕਈ ਘੰਟਿਆਂ ਤੱਕ ਦਰੱਖਤ ''ਤੇ ਫਸੀ ਰਹੀ 5 ਸਾਲਾ ਬੱਚੀ, ਇਸ ਤਰ੍ਹਾਂ ਬਚੀ ਜਾਨ

08/05/2020 4:35:25 PM

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਦਹਾਨੂ ਤਾਲੁਕਾ 'ਚ ਭਾਰੀ ਬਾਰਸ਼ ਕਾਰਨ ਅਚਾਨਕ ਆਏ ਹੜ੍ਹ ਕਾਰਨ ਦਰੱਖਤ 'ਤੇ ਚਾਰ ਘੰਟਿਆਂ ਤੱਕ ਫਸੀ 5 ਸਾਲਾ ਬੱਚੀ ਨੂੰ ਬੁੱਧਵਾਰ ਨੂੰ ਬਚਾ ਲਿਆ ਗਿਆ। ਜ਼ਿਲ੍ਹੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਰਾਤ ਭਾਰੀ ਬਾਰਸ਼ ਹੋਈ, ਜਿਸ ਨਾਲ ਸ਼ੇਨਸ਼ਾਈ 'ਚ ਸਥਿਤ ਬੱਚੀ ਦਾ ਘਰ ਪਾਣੀ 'ਚ ਡੁੱਬ ਗਿਆ ਅਤੇ ਪਰਿਵਾਰ ਨੂੰ ਤੜਕੇ ਕਿਸੇ ਸੁਰੱਖਿਅਤ ਸਥਾਨ ਲਈ ਘਰੋਂ ਨਿਕਲਣਾ ਪਿਆ।

ਉਨ੍ਹਾਂ ਨੇ ਦੱਸਿਆ ਕਿ ਰਸਤੇ 'ਚ ਇਕ ਪੁਲ ਨੂੰ ਪਾਰ ਕਰਨ ਦੌਰਾਨ ਪਾਣੀ ਦੀਆਂ ਤੇਜ਼ ਲਹਿਰਾਂ ਕਾਰਨ ਬੱਚੀ ਪਰਿਵਾਰ ਤੋਂ ਵੱਖ ਹੋ ਗਈ ਅਤੇ ਦਰੱਖਤ 'ਤੇ ਚੜ੍ਹ ਗਈ। ਅਧਿਕਾਰੀ ਨੇ ਦੱਸਿਆ ਕਿ ਬੱਚੀ 4 ਘੰਟਿਆਂ ਤੋਂ ਵੱਧ ਸਮੇਂ ਤੱਕ ਦਰੱਖਤ ਦੀ ਟਹਿਣੀ ਨੂੰ ਫੜ ਕੇ ਬੈਠੀ ਰਹੀ। ਸਵੇਰੇ ਕਰੀਬ 6 ਵਜੇ ਪਿੰਡ ਵਾਸੀਆਂ ਨੇ ਉਸ ਨੂੰ ਬਚਾ ਲਿਆ। ਉਨ੍ਹਾਂ ਨੇ ਦੱਸਿਆ ਕਿ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।


DIsha

Content Editor

Related News