ਮਹਾਰਾਸ਼ਟਰ : ਡਾਕਟਰ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਨਗਰ ਨਿਗਮ ਦੀ ਇਮਾਰਤ ਬੰਦ
Wednesday, May 27, 2020 - 06:31 PM (IST)
ਠਾਣੇ (ਭਾਸ਼ਾ)— ਮਹਾਰਾਸ਼ਟਰ ਦੇ ਠਾਣੇ ਜ਼ਿਲੇ ਵਿਚ ਸਿਹਤ ਵਿਭਾਗ ਦੇ ਇਕ 40 ਸਾਲਾ ਡਾਕਟਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕਲਿਆਣ ਡੋਂਬੀਵਲੀ ਨਗਰ ਨਿਗਮ ਦੀ ਪ੍ਰਸ਼ਾਸਨਿਕ ਇਮਾਰਤ ਨੂੰ ਬੁੱਧਵਾਰ ਨੂੰ ਬੰਦ ਕਰ ਦਿੱਤਾ ਗਿਆ। ਅਧਿਕਾਰਤ ਬੁਲਾਰੇ ਵਿਚ ਕੇ. ਡੀ. ਐੱਮ. ਸੀ. ਦੀ ਜਨਸੰਪਰਕ ਅਧਿਕਾਰੀ ਮਾਧੁਰੀ ਫੋਫਲੇ ਨੇ ਕਿਹਾ ਕਿ ਇਮਾਰਤ ਨੂੰ ਵਾਇਰਸ ਮੁਕਤ ਕੀਤਾ ਜਾਵੇਗਾ, ਕਿਉਂਕਿ ਕੰਪਲੈਕਸ 'ਚ ਸਿਹਤ ਵਿਭਾਗ ਨਾਲ ਕੰਮ ਕਰ ਰਹੇ ਡਾਕਟਰ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਅਧਿਕਾਰੀਆਂ ਨੇ ਡਾਕਟਰ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦਰਮਿਆਨ ਭਾਰਤੀ ਮੈਡੀਕਲ ਸੰਘ ਦੀ ਠਾਣੇ ਇਕਾਈ ਨੇ ਮੰਗਲਵਾਰ ਨੂੰ ਸ਼ਹਿਰ 'ਚ 10 ਤੋਂ ਵੱਧ ਡਾਕਟਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਆਈ. ਐੱਮ. ਏ. ਠਾਣੇ ਦੇ ਪ੍ਰਧਾਨ ਡਾ. ਦਿਨਕਰ ਦੇਸਾਈ ਨੇ ਦੱਸਿਆ ਕਿ ਪਾਜ਼ੇਟਿਵ ਪਾਏ ਗਏ ਸਾਰੇ 10 ਡਾਕਟਰਾਂ ਦਾ ਇਲਾਜ ਜਾਰੀ ਹੈ।