ਕੋਰੋਨਾ ਪੀੜਤ ਪਤੀ ਦੀ ਮੌਤ ਦੀ ਖ਼ਬਰ ਸੁਣ ਪਤਨੀ ਨੇ ਵੀ ਤਿਆਗੇ ਪ੍ਰਾਣ
Saturday, Apr 24, 2021 - 06:47 PM (IST)
ਵਿਰਾਰ— ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਹਾਹਾਕਾਰ ਮਚੀ ਹੋਈ ਹੈ। ਦਿੱਲੀ ਤੋਂ ਇਲਾਵਾ ਮਹਾਰਾਸ਼ਟਰ ਅਜਿਹਾ ਸੂਬਾ ਹੈ, ਜਿੱਥੇ ਕੋਰੋਨਾ ਵਾਇਰਸ ਦੇ ਕੇਸ ਸਭ ਤੋਂ ਜ਼ਿਆਦਾ ਹਨ ਅਤੇ ਮੌਤਾਂ ਵੀ ਵਧੇਰੇ ਹੋ ਰਹੀਆਂ ਹਨ। ਕਿਤੇ ਆਕਸੀਜਨ ਦੀ ਕਿੱਲਤ ਹੈ ਤੇ ਕਿਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨ ਮੁੰਬਈ ਦੇ ਵਿਰਾਰ ’ਚ ਸਥਿਤ ਇਕ ਕੋਵਿਡ ਹਸਪਤਾਲ ’ਚ ਅੱਗ ਲੱਗਣ ਕਾਰਨ 14 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਉਨ੍ਹਾਂ ’ਚ 45 ਸਾਲ ਕੁਮਾਰ ਕਿਸ਼ੋਰ ਵੀ ਸ਼ਾਮਲ ਸਨ। ਕੁਮਾਰ ਦੀ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੀ ਪਤਨੀ ਚਾਂਦਨੀ ਨੂੰ ਵੀ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਪਤੀ-ਪਤਨੀ ਦੋਵੇਂ ਹੀ ਕੋਰੋਨਾ ਤੋਂ ਪੀੜਤ ਸਨ। ਕੁਮਾਰ ਦਾ ਵਿਜੇ ਵੱਲਭ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ, ਜਦਕਿ ਉਨ੍ਹਾਂ ਦੀ ਪਤਨੀ ਦਾ ਵਿਰਾਰ ਦੇ ਹੀ ਇਕ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ।
ਸਿਹਤ ਮੰਤਰੀ ਨੇ ਦਿੱਤਾ ਅਜੀਬ ਬਿਆਨ—
ਕੋਵਿਡ ਹਸਪਤਾਲ ’ਚ ਅੱਗ ਲੱਗਣ ਨਾਲ ਹੋਈ 14 ਮਰੀਜ਼ਾਂ ਦੀ ਮੌਤ ’ਤੇ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਇਕ ਅਜੀਬ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਘਟਨਾ ਕੋਈ ਨੈਸ਼ਨਲ ਨਿਊਜ਼ ਨਹੀਂ ਹੈ। ਅਸੀਂ ਆਕਸੀਜਨ ’ਤੇ ਗੱਲ ਕਰਾਂਗੇ, ਅਸੀਂ ਰੈਮਡੇਸਿਵਿਰ ’ਤੇ ਗੱਲ ਕਰਾਂਗੇ, ਇਹ ਘਟਨਾ ਜੋ ਵਾਪਰੀ ਹੈ, ਇਸ ਬਾਰੇ ਇਹ ਹੀ ਕਹਾਂਗਾ ਕਿ ਇਹ ਨੈਸ਼ਨਲ ਨਿਊਜ਼ ਨਹੀਂ ਹੈ ਪਰ ਅਸੀਂ ਸੂਬਾ ਸਰਕਾਰ ਵਲੋਂ ਪੂਰੀ ਮਦਦ ਕਰਾਂਗੇ। ਹਾਲਾਂਕਿ ਇਸ ਬਿਆਨ ਦੀ ਆਲੋਚਨਾ ਹੋਣ ਮਗਰੋਂ ਟੋਪੇ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਦਾ ਗਲਤ ਮਤਲਬ ਲਾਇਆ ਗਿਆ ਹੈ। ਦੱਸ ਦੇਈਏ ਕਿ ਮੁੰਬਈ ਦੇ ਵਿਰਾਰ ਵੈਸਟ ਵਿਚ ਸਥਿਤ ਹਸਪਤਾਲ ’ਚ ਦੇਰ ਰਾਤ ਅੱਗ ਲੱਗ ਗਈ। ਘਟਨਾ ਦੇ ਸਮੇਂ ਆਈ. ਸੀ. ਯੂ. ’ਚ 17 ਮਰੀਜ਼ ਦਾਖ਼ਲ ਸਨ। ਘਟਨਾ ’ਚ 14 ਮਰੀਜ਼ਾਂ ਦੀ ਮੌਤ ਹੋ ਗਈ।