ਪੁਲਸ ਮੁਲਾਜ਼ਮਾਂ ''ਤੇ ਕੋਰੋਨਾ ਦਾ ਕਹਿਰ, 24 ਘੰਟਿਆਂ ''ਚ 279 ਜਵਾਨ ਮਿਲੇ ਪਾਜ਼ੇਟਿਵ
Monday, Jul 06, 2020 - 06:30 PM (IST)
ਮੁੰਬਈ- ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 2 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁਕੇ ਹਨ। ਇੱਥੇ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਵੀ ਪੀੜਤ ਹੋ ਰਹੇ ਹਨ। ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ 'ਚ 279 ਪੁਲਸ ਮੁਲਾਜ਼ਮ ਪੀੜਤ ਮਿਲੇ ਹਨ। ਇੰਨਾ ਹੀ ਨਹੀਂ ਸੂਬੇ 'ਚ ਹੁਣ ਤੱਕ 5,454 ਪੁਲਸ ਮੁਲਾਜ਼ਮ ਇਨਫੈਕਟਡ ਮਿਲੇ ਹਨ। ਸੂਬੇ 'ਚ ਹੁਣ ਤੱਕ 70 ਪੁਲਸ ਮੁਲਾਜ਼ਮਾਂ ਦੀ ਮੌਤ ਹੋਈ ਹੈ। ਸੂਬੇ 'ਚ 4300 ਤੋਂ ਵੱਧ ਪੁਲਸ ਮੁਲਾਜ਼ਮ ਠੀਕ ਹੋ ਚੁਕੇ ਹਨ। ਉੱਥੇ ਹੀ 1,078 ਦਾ ਹਾਲੇ ਵੀ ਇਲਾਜ ਚੱਲ ਰਿਹਾ ਹੈ। ਇਨ੍ਹਾਂ 'ਚੋਂ 120 ਅਫ਼ਸਰ ਅਤੇ 958 ਜਵਾਨ ਹਨ। ਉੱਥੇ ਹੀ ਹੁਣ ਤੱਕ 5 ਅਫਸਰਾਂ ਸਮੇਤ 70 ਲੋਕਾਂ ਦੀ ਮੌਤ ਹੋਈ ਹੈ।
ਸੂਬੇ 'ਚ ਪੁਲਸ ਮੁਲਾਜ਼ਮਾਂ 'ਤੇ ਹੁਣ ਤੱਕ 294 ਹਮਲੇ ਹੋਏ ਹਨ। ਇਨ੍ਹਾਂ ਮਾਮਲਿਆਂ 'ਚ ਹੁਣ ਤੱਕ 861 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ। ਇਨ੍ਹਾਂ ਹਮਲਿਆਂ 'ਚ 86 ਪੁਲਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਦੇਸ਼ 'ਚ ਮਹਾਰਾਸ਼ਟਰ ਸਭ ਤੋਂ ਪ੍ਰਭਾਵਿਤ ਸੂਬਾ ਹੈ। ਇੱਥੇ ਹੁਣ ਤੱਕ 2.06 ਲੱਖ ਮਾਮਲੇ ਸਾਹਮਣੇ ਆਏ ਹਨ। ਦੇਸ਼ ਦੇ ਕੁੱਲ ਮਾਮਲਿਆਂ 'ਚੋਂ ਕਰੀਬ 30 ਫੀਸਦੀ ਮਾਮਲੇ ਇੱਥੇ ਮਿਲੇ ਹਨ। ਸੂਬੇ 'ਚ ਹੁਣ ਤੱਕ 8822 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ 'ਚ ਕੋਰੋਨਾ ਦੇ 86 ਹਜ਼ਾਰ ਸਰਗਰਮ ਮਾਮਲੇ ਹਨ। ਉੱਥੇ ਹੀ 1.11 ਲੱਖ ਲੋਕ ਠੀਕ ਹੋ ਚੁਕੇ ਹਨ। ਇਕੱਲੇ ਮੁੰਬਈ 'ਚ 84524 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 4899 ਲੋਕਾਂ ਦੀ ਮੌਤ ਹੋਈ ਹੈ।