ਮਹਾਰਾਸ਼ਟਰ ’ਚ ਇਸ ਮਹਾ ਜਿੱਤ ਦੇ ਸੂਖਮ ਸੂਤਰ ਨੂੰ ਸਮਝੋ
Sunday, Nov 24, 2024 - 05:33 PM (IST)
ਨਵੀਂ ਦਿੱਲੀ (ਅਕੂ ਸ਼੍ਰੀਵਾਸਤਵ)–ਮਹਾਰਾਸ਼ਟਰ ’ਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਦੀ ਪ੍ਰਚੰਡ ਜਿੱਤ ਦੇ ਨਾਲ-ਨਾਲ ਉਸ ਦੇ ਦੋਵਾਂ ਸਹਿਯੋਗੀਆਂ ਸ਼ਿਵ ਸੈਨਾ ਸ਼ਿੰਦੇ ਧੜੇ ਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਵੀ ਚੰਗੀ ਕਾਰਗੁਜ਼ਾਰੀ ਵਿਖਾ ਕੇ ਝਾਰਖੰਡ ਵਿਚ ਮਿਲੀ ਹਾਰ ਦੇ ਸਦਮੇ ਨੂੰ ਕਿਨਾਰੇ ਕਰ ਦਿੱਤਾ ਹੈ। ਦੇਸ਼ ਦੀ ਦੂਜੀ ਸਭ ਤੋਂ ਵੱਡੀ ਵਿਧਾਨ ਸਭਾ ਵਿਚ ਭਾਜਪਾ ਨੇ ਚੋਣਾਂ ’ਚ 149 ਸੀਟਾਂ ’ਤੇ ਉਮੀਦਵਾਰ ਉਤਾਰੇ ਸਨ ਅਤੇ ਇਸ ਨੇ 132 ਸੀਟਾਂ ਜਿੱਤ ਲਈਆਂ ਭਾਵ ਲੱਗਭਗ 90 ਫੀਸਦੀ ਦਾ ਸਟ੍ਰਾਈਕ ਰੇਟ। ਅਜਿਹਾ ਇਤਿਹਾਸ ਵਿਚ ਵੀ ਕਦੇ-ਕਦੇ ਹੀ ਹੁੰਦਾ ਹੈ ਅਤੇ ਭਾਜਪਾ ਨੇ ਇਹ ਕਰ ਕੇ ਵਿਖਾ ਦਿੱਤਾ ਹੈ। ਭਾਜਪਾ ਨੇ 2019 ਦੀਆਂ ਚੋਣਾਂ ਤੋਂ 27 ਸੀਟਾਂ ਵੱਧ ਜਿੱਤੀਆਂ। ਉਸ ਵੇਲੇ ਭਾਜਪਾ ਨੂੰ 105 ਸੀਟਾਂ ਹੀ ਮਿਲੀਆਂ ਸਨ। ਸ਼ਿਵਸੈਨਾ ਨੇ ਊਧਵ ਠਾਕਰੇ ਦੀ ਅਗਵਾਈ ’ਚ ਉਹ ਚੋਣ ਲੜ ਕੇ 56 ਸੀਟਾਂ ਜਿੱਤੀਆਂ ਸਨ। ਇਸ ਵਾਰ ਇਕੱਲੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪਾਰਟੀ ਹੀ 57 ਸੀਟਾਂ ’ਤੇ ਕਾਬਜ਼ ਹੁੰਦੀ ਨਜ਼ਰ ਆ ਰਹੀ ਹੈ। ਰਾਕਾਂਪਾ ਨੇ ਸ਼ਰਦ ਪਵਾਰ ਦੀ ਅਗਵਾਈ ’ਚ ਪਿਛਲੀ ਵਾਰ 54 ਸੀਟਾਂ ਜਿੱਤੀਆਂ ਸਨ ਅਤੇ ਇਸ ਵਾਰ ਅਜੀਤ ਪਵਾਰ ਧੜੇ ਨੇ 41 ਸੀਟਾਂ ਜਿੱਤ ਲਈਆਂ।
ਇਨ੍ਹਾਂ ਚੋਣਾਂ ਵਿਚ ਕਾਂਗਰਸ ਆਪਣੀ ਕਾਰਗੁਜ਼ਾਰੀ ਇਕ ਤਿਹਾਈ ’ਤੇ ਲੈ ਆਈ। ਉਸ ਨੂੰ 2019 ਦੀਆਂ ਚੋਣਾਂ ਵਿਚ 44 ਸੀਟਾਂ ਮਿਲੀਆਂ ਸਨ। ਹੁਣ ਉਹ 16 ਸੀਟਾਂ ’ਤੇ ਸਿਮਟ ਗਈ। ਊਧਵ ਠਾਕਰੇ ਮਹਾਰਾਸ਼ਟਰ ਦੀ ਸਿਆਸਤ ਵਿਚ ਕੱਦ ਗੁਆ ਚੁੱਕੇ ਹਨ ਅਤੇ ਹੁਣ ਸ਼ਰਦ ਪਵਾਰ ਨੂੰ ਵੀ ਮਰਾਠਾ ਸਿਆਸਤ ਦਾ ਧਾਕੜ ਲਿਖਣਾ ਬੇਮਾਅਨੇ ਹੋਵੇਗਾ। ਉਨ੍ਹਾਂ ਦਾ ਸਾਰਾ ਰੁਤਬਾ ਹੁਣ ਉਨ੍ਹਾਂ ਦੇ ਭਤੀਜੇ ਅਜੀਤ ਦਾਦਾ ਕੋਲ ਹੈ। ਮਹਾਯੁਤੀ ਦੀ ਮਹਾਰਾਸ਼ਟਰ ਵਿਚ ਇਸ ਵੱਡੀ ਜਿੱਤ ਦੇ ਪਿੱਛੇ ਕਈ ਕਾਰਨ ਰਹੇ ਹਨ। ਮੱਧ ਪ੍ਰਦੇਸ਼ ਵਿਚ ‘ਲਾਡਲੀ ਬਹਿਨਾ’ ਦੀ ਤਰਜ਼ ’ਤੇ ਲਾਗੂ ‘ਲਾਡਕੀ ਬਹਿਨ’ ਯੋਜਨਾ ਨੂੰ ਵੱਡਾ ਗੇਮ ਚੇਂਜਰ ਮੰਨਿਆ ਜਾ ਰਿਹਾ ਹੈ। ਇਸ ਨਾਲ ਰਲਦੀਆਂ-ਮਿਲਦੀਆਂ ਕੁਝ ਹੋਰ ਯੋਜਨਾਵਾਂ ਨੇ ਕੰਮ ਸੌਖਾ ਕਰ ਦਿੱਤਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਿਸ ‘ਬੰਟੋਗੇ ਤੋ ਕਟੋਗੇ’ ਨੂੰ ਚਲਾਇਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ‘ਏਕ ਹੈਂ ਤੋ ਸੇਫ ਹੈਂ’ ਨਾਲ ਅੱਗੇ ਵਧਾਇਆ। ਇਸੇ ਕਾਰਨ ਵਿਸ਼ਲੇਸ਼ਕ ਮੰਨਦੇ ਹਨ ਕਿ ਵਿਰੋਧੀ ਮਰਾਠਾ ਤੇ ਓ. ਬੀ. ਸੀ. ਵੋਟ ਵੀ ਇਕ ਪਟੜੀ ’ਤੇ ਨਜ਼ਰ ਆਏ। ਸ਼ਿਵ ਸੈਨਾ ਸ਼ਿੰਦੇ ਧੜਾ ਵੀ ਊਧਵ ਧੜੇ ਤੋਂ ਦੁੱਗਣੀਆਂ ਤੋਂ ਵੱਧ ਵਿਧਾਨ ਸਭਾ ਸੀਟਾਂ ਜਿੱਤਣ ਵਿਚ ਸਫਲ ਰਿਹਾ ਹੈ। ਊਧਵ ਠਾਕਰੇ ਦੇ ਔਰੰਗਜ਼ੇਬ ਪ੍ਰਤੀ ਸ਼ਰਧਾ ਵਿਖਾਉਣ ਕਾਰਨ ਉਨ੍ਹਾਂ ਦਾ ਕੋਰ ਵੋਟਰ ਉਨ੍ਹਾਂ ਤੋਂ ਦੂਰ ਹੋ ਗਿਆ ਅਤੇ ਉਨ੍ਹਾਂ ਨੂੰ 20 ਸੀਟਾਂ ਜਿੱਤਣ ਦੇ ਵੀ ਲਾਲੇ ਪੈ ਗਏ। ਉਹ ਵੀ ਉਸ ਸ਼ਿਵ ਸੈਨਾ ਨੂੰ ਜਿਸ ਦੇ ਸੰਸਥਾਪਕ ਬਾਲ ਠਾਕਰੇ ਨੇ ਮਜ਼ਬੂਤ ਵੋਟ ਬੈਂਕ ਦੀ ਵਿਰਾਸਤ ਬੇਟੇ ਊਧਵ ਲਈ ਛੱਡੀ ਸੀ। ਉਂਝ ਤਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਆਪਣੀ ਪਾਰਟੀ ਨੂੰ ਬਾਲ ਠਾਕਰੇ ਦੀ ਵਿਰਾਸਤ ਦਾ ਝੰਡਾਬਰਦਾਰ ਮੰਨਦੇ ਸਨ, ਹੁਣ 57 ਸੀਟਾਂ ’ਤੇ ਜਿੱਤ ਦੇ ਨਾਲ ਸੂਬੇ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਬਣਾ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8