ਮਹਾਰਾਸ਼ਟਰ ਦੇ 176 ਨਵੇਂ ਚੁਣੇ ਵਿਧਾਇਕ ਕਰ ਰਹੇ ਹਨ ਅਪਰਾਧਕ ਦੋਸ਼ਾਂ ਦਾ ਸਾਹਮਣਾ

Saturday, Oct 26, 2019 - 04:37 PM (IST)

ਮਹਾਰਾਸ਼ਟਰ ਦੇ 176 ਨਵੇਂ ਚੁਣੇ ਵਿਧਾਇਕ ਕਰ ਰਹੇ ਹਨ ਅਪਰਾਧਕ ਦੋਸ਼ਾਂ ਦਾ ਸਾਹਮਣਾ

ਮੁੰਬਈ— ਮਹਾਰਾਸ਼ਟਰ ਵਿਧਾਨ ਸਭਾ ਲਈ ਨਵੇਂ ਚੁਣੇ 176 ਵਿਧਾਇਕ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਚੋਣ ਨਿਗਰਾਨੀ ਸੰਸਥਾ 'ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼' (ਏ.ਡੀ.ਆਰ.) ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ 'ਚ ਇਹ ਦਾਅਵਾ ਕੀਤਾ ਗਿਆ ਹੈ। ਰਾਜ ਵਿਧਾਨ ਸਭਾ ਦੇ ਕੁੱਲ 288 ਵਿਧਾਇਕਾਂ 'ਚ 285 ਵਿਧਾਇਕਾਂ ਦੇ ਹਲਫਨਾਮਿਆਂ ਦਾ ਵਿਸ਼ਲੇਸ਼ਣ ਕਰਨ 'ਤੇ ਪਾਇਆ ਗਿਆ ਕਿ 62 ਫੀਸਦੀ (176 ਵਿਧਾਇਕ) ਵਿਰੁੱਧ ਅਪਰਾਧਕ ਮਾਮਲੇ ਪੈਂਡਿੰਗ ਹਨ, ਜਦੋਂ ਕਿ 40 ਫੀਸਦੀ (113 ਵਿਧਾਇਕ) ਵਿਰੁੱਧ ਗੰਭੀਰ ਅਪਰਾਧਕ ਮਾਮਲੇ ਹਨ। ਏ.ਡੀ.ਆਰ. ਨੇ ਕਿਹਾ ਹੈ ਕਿ ਬਾਕੀ ਤਿੰਨ ਵਿਧਾਇਕਾਂ ਦੇ ਹਲਫਨਾਮਿਆਂ ਦਾ ਅਧਿਐਨ ਨਹੀਂ ਕੀਤਾ ਜਾ ਸਕਿਆ, ਕਿਉਂਕਿ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਨ੍ਹਾਂ ਦੇ ਸੰਪੂਰਨ ਕਾਗਜ਼ਾਤ ਉਪਲੱਬਧ ਨਹੀਂ ਸਨ।

ਸਾਬਕਾ ਵਿਧਾਇਕਾਂ ਅਤੇ ਨਵੇਂ ਚੁਣੇ ਵਿਧਾਇਕਾਂ ਦੇ ਹਲਫਨਾਮਿਆਂ ਦੀ ਤੁਲਨਾ ਕਰਦੇ ਹੋਏ ਏ.ਡੀ.ਆਰ. ਨੇ ਕਿਹਾ ਹੈ ਕਿ 2014 ਦੀਆਂ ਚੋਣਾਂ 'ਚ ਰਾਜ ਵਿਧਾਨ ਸਭਾ 'ਚ 165 ਵਿਧਾਇਕ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ ਅਤੇ ਇਨ੍ਹਾਂ 'ਚੋਂ 115 ਗੰਭੀਰ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ। ਏ.ਡੀ.ਆਰ. ਅਨੁਸਾਰ ਸਾਬਕਾ ਵਿਧਾਨ ਸਭਾ ਦੀ ਤੁਲਨਾ 'ਚ ਨਵੀਂ ਵਿਧਾਨ ਸਭਾ 'ਚ ਕਰੋੜਪਤੀ ਵਿਧਾਇਕਾਂ ਦੀ ਗਿਣਤੀ ਵਧ ਹੈ। ਅੰਕੜਿਆਂ ਅਨੁਸਾਰ ਨਵੀਂ ਵਿਧਾਨ ਸਭਾ 'ਚ ਕੁੱਲ 264 (93 ਫੀਸਦੀ) ਕਰੋੜਪਤੀ ਵਿਧਾਇਕ ਹਨ, ਜਦੋਂ ਕਿ ਸਾਬਕਾ ਵਿਧਾਨ ਸਭਾ 'ਚ 253 (88 ਫੀਸਦੀ) ਵਿਧਾਇਕ ਕਰੋੜਪਤੀ ਸਨ। ਅੰਕੜਿਆਂ 'ਚ ਕਿਹਾ ਗਿਆ,''ਨਵੀਂ ਵਿਧਾਨ ਸਭਾ 'ਚ ਵਿਧਾਇਕਾਂ ਦੀ ਔਸਤ ਜਾਇਦਾਦ 22.42 ਕਰੋੜ ਰੁਪਏ ਹਨ, ਜੋ 2014 'ਚ 10.87 ਕਰੋੜ ਰੁਪਏ ਸੀ। ਇਸ ਵਾਰ ਦੀਆਂ ਚੋਣਾਂ 'ਚ ਘੱਟੋ-ਘੱਟ 118 ਵਿਧਾਇਕ ਫਿਰ ਤੋਂ ਚੁਣੇ ਗਏ ਅਤੇ 2019 'ਚ ਮੁੜ ਨਵੇਂ ਚੁਣੇ ਵਿਧਾਇਕਾਂ ਦੀ ਔਸਤ ਜਾਇਦਾਦ 25.86 ਕਰੋੜ ਰੁਪਏ ਹੈ।''


author

DIsha

Content Editor

Related News