ਮਹਾਰਾਸ਼ਟਰ ਵਿਧਾਨ ਸਭਾ ਦੇ ਨਵੇਂ ਸਪੀਕਰ ਬਣੇ ਭਾਜਪਾ ਵਿਧਾਇਕ ਰਾਹੁਲ ਨਾਰਵੇਕਰ

07/03/2022 12:54:48 PM

ਮੁੰਬਈ– ਮਹਾਰਾਸ਼ਟਰ ’ਚ ਚਲ ਰਹੇ ਸਿਆਸੀ ਘਮਾਸਾਨ ਵਿਚਾਲੇ ਏਕਨਾਥ ਸ਼ਿੰਦੇ ਧੜੇ ਨੂੰ ਇਕ ਹੋਰ ਵੱਡੀ ਜਿੱਤ ਮਿਲੀ ਹੈ। ਦਰਅਸਲ ਮਹਾਰਾਸ਼ਟਰ ਵਿਧਾਨ ਸਭਾ ’ਚ ਅੱਜ ਯਾਨੀ ਕਿ ਐਤਵਾਰ ਨੂੰ ਸਪੀਕਰ ਦੀ ਚੋਣ ਕੀਤੀ ਗਈ। ਭਾਜਪਾ ਵਲੋਂ ਉਮੀਦਵਾਰ ਬਣਾਏ ਗਏ ਰਾਹੁਲ ਨਾਰਵੇਕਰ ਨੂੰ ਜਿੱਤ ਮਿਲੀ। ਰਾਹੁਲ ਦੇ ਸਮਰਥਨ ’ਚ 164 ਵੋਟਾਂ ਪਈਆਂ, ਜਦਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਉਮੀਦਵਾਰ ਰਾਜਨ ਸਾਲਵੀ ਚੋਣ ਹਾਰ ਗਏ, ਉਨ੍ਹਾਂ ਨੂੰ 107 ਵੋਟਾਂ ਮਿਲੀਆਂ।  

ਜਿੱਤ ਮਗਰੋਂ ਰਾਹੁਲ ਨੇ ਸਪੀਕਰ ਦਾ ਆਸਨ ਸੰਭਾਲ ਲਿਆ ਹੈ। ਆਸਨ ਸੰਭਾਲਣ ਮਗਰੋਂ ਰਾਹੁਲ ਨੇ ਏਕਨਾਥ ਸ਼ਿੰਦੇ, ਦੇਵੇਂਦਰ ਫੜਨਵੀਸ ਸਮੇਤ ਸਦਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਦੱਸ ਦੇਈਏ ਕਿ ਸਿਆਸਤ ’ਚ ਰਾਹੁਲ ਨਾਰਵੇਕਰ ਚਰਚਿੱਤ ਚਿਹਰਾ ਹਨ। ਰਾਹੁਲ ਪੇਸ਼ੇ ਤੋਂ ਵਕੀਲ ਹਨ। ਸਾਲ 2019 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਰਾਹੁਲ ਪਹਿਲੀ ਵਾਰ ਵਿਧਾਇਕ ਬਣੇ ਹਨ। ਉਹ ਮੁੰਬਈ ਦੇ ਕੋਲਾਬਾ ਤੋਂ ਵਿਧਾਇਕ ਹਨ।

ਜ਼ਿਕਰਯੋਗ ਹੈ ਕਿ ਸਾਬਕਾ ਦੀ ਮਹਾਵਿਕਾਸ ਅਘਾੜੀ ਸਰਕਾਰ ’ਚ ਕਾਂਗਰਸ ਨੇਤਾ ਨਾਨਾ ਪਟੋਲੇ ਦੇ ਅਸਤੀਫ਼ਾ ਦੇਣ ਮਗਰੋਂ ਫਰਵਰੀ 2021 ਤੋਂ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਦਾ ਅਹੁਦਾ ਖਾਲੀ ਸੀ। ਮਹਾਰਾਸ਼ਟਰ ’ਚ ਸਰਕਾਰ ਬਦਲਣ ਨਾਲ ਹੀ ਏਕਨਾਥ ਸ਼ਿੰਦੇ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਮਹਾਰਾਸ਼ਟਰ ਦਾ ਵਿਸ਼ੇਸ਼ ਸੈਸ਼ਨ ਐਤਵਾਰ ਸਵੇਰੇ 11 ਵਜੇ ਸ਼ੁਰੂ ਹੋਇਆ। ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਨੂੰ 288 ਮੈਂਬਰੀ ਵਿਧਾਨ ਸਭਾ ’ਚ ਵਿਸ਼ਵਾਸ ਮਤ ਦਾ ਸਾਹਮਣਾ ਕਰਨਾ ਹੋਵੇਗਾ।
 


Tanu

Content Editor

Related News