ਮਹਾਰਾਸ਼ਟਰ ’ਚ ਵਿਭਾਗਾਂ ਦੀ ਵੰਡ ਨੂੰ ਲੈ ਕੇ ਫਸੀ ਘੁੰਢੀ, ‘ਮਹਾਯੁਤੀ’ ਦੀ ਮੀਟਿੰਗ ਰੱਦ
Saturday, Nov 30, 2024 - 11:13 AM (IST)
ਮੁੰਬਈ- ਮਹਾਰਾਸ਼ਟਰ ਦੀ ਨਵੀਂ ਸਰਕਾਰ ’ਚ ਵਿਭਾਗਾਂ ਦੀ ਵੰਡ ਨੂੰ ਲੈ ਕੇ ਘੁੰਢੀ ਫਸ ਗਈ ਹੈ। ਸੂਤਰਾਂ ਮੁਤਾਬਕ ਸ਼ਿਵ ਸੈਨਾ ਮੁੱਖ ਮੰਤਰੀ ਅਹੁਦੇ ਦੇ ਬਦਲੇ ਗ੍ਰਹਿ ਅਤੇ ਵਿੱਤ ਮੰਤਰਾਲਾ ਮੰਗ ਰਹੀ ਹੈ। ਇਸ ਲਈ ਮੁੰਬਈ ਵਿਚ ਸ਼ੁੱਕਰਵਾਰ ਨੂੰ ਹੋਣ ਵਾਲੀ ਮਹਾਯੁਤੀ ਦੀ ਅਹਿਮ ਬੈਠਕ ਟਾਲ ਦਿੱਤੀ ਗਈ। ਇਸ ਤੋਂ ਬਾਅਦ ਏਕਨਾਥ ਸ਼ਿੰਦੇ ਆਪਣੇ ਜੱਦੀ ਪਿੰਡ ਚਲੇ ਗਏ। ਇਕ ਦਿਨ ਪਹਿਲਾਂ ‘ਮਹਾਯੁਤੀ’ ਦੇ ਤਿੰਨ ਅਹਿਮ ਨੇਤਾਵਾਂ ਦੇਵੇਂਦਰ ਫੜਨਵੀਸ, ਏਕਨਾਥ ਸ਼ਿੰਦੇ ਤੇ ਅਜੀਤ ਪਵਾਰ ਦੀ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਵਾਸ ਵਿਖੇ ਬੈਠਕ ਹੋਈ ਸੀ। ਦੱਸਿਆ ਜਾਂਦਾ ਹੈ ਕਿ ਫੜਨਵੀਸ ਦੇ ਸੀ.ਐੱਮ. ਬਣਨ ਅਤੇ ਅਹਿਮ ਵਿਭਾਗਾਂ ਦੀ ਵੰਡ ਨੂੰ ਲੈ ਕੇ ਸਭ ਕੁਝ ਤੈਅ ਹੋ ਗਿਆ ਸੀ। ਅਗਲੀ ਮੀਟਿੰਗ ਸ਼ੁੱਕਰਵਾਰ ਮੁੰਬਈ ’ਚ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਕੁਝ ਅੜਿੱਕੇ ਪੈਂਦੇ ਨਜ਼ਰ ਆਏ।
ਏਕਨਾਥ ਸ਼ਿੰਦੇ ਦੇ ਅਚਾਨਕ ਮੀਟਿੰਗ ’ਚੋਂ ਚਲੇ ਜਾਣ ਕਾਰਨ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਕੁਝ ਨਾਰਾਜ਼ ਹਨ। ਹੁਣ ਮੀਟਿੰਗ ਸ਼ਿੰਦੇ ਦੀ ਵਾਪਸੀ ਤੋਂ ਬਾਅਦ ਹੋਣ ਦੀ ਉਮੀਦ ਹੈ। ਸ਼ਿਵ ਸੈਨਾ ਦੀ ਬੁਲਾਰਨ ਮਨੀਸ਼ਾ ਨੇ ਪੁਸ਼ਟੀ ਕੀਤੀ ਕਿ ਸ਼ਿੰਦੇ ਦੀਆਂ ਸ਼ੁੱਕਰਵਾਰ ਦੀਆਂ ਸਾਰੀਆਂ ਮੀਟਿੰਗਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਬਣਾਉਣ ਸਬੰਧੀ ਗੱਲਬਾਤ ਉਸਾਰੂ ਦਿਸ਼ਾ ਵੱਲ ਵਧ ਰਹੀ ਹੈ।
ਸ਼ਿਵ ਸੈਨਾ ਦੇ ਸੂਤਰਾਂ ਮੁਤਾਬਕ ਸ਼ਿੰਦੇ ਸਤਾਰਾ ’ਚ ਮਹਾਬਲੇਸ਼ਵਰ ਨੇੜੇ ਆਪਣੇ ਨਿਵਾਸ ਵਿਖੇ ਚਲੇ ਗਏ ਹਨ। ਸੂਤਰਾਂ ਅਨੁਸਾਰ ਇਸ ਵੇਲੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੂੰ ਲੈ ਕੇ 2 ਚੀਜ਼ਾਂ ਸਪੱਸ਼ਟ ਹਨ ਪਰ ਕੁਝ ਮੰਤਰੀਆਂ ਦੇ ਅਹੁਦਿਆਂ ਤੇ ਵਿਭਾਗਾਂ ਨੂੰ ਲੈ ਕੇ ਗੱਲਬਾਤ ਲਟਕਦੀ ਨਜ਼ਰ ਆ ਰਹੀ ਹੈ। ਇਕ ਸੀ.ਐੱਮ. ਅਤੇ 2 ਡਿਪਟੀ ਸੀ. ਐੱਮ. ਵਾਲਾ ਫਾਰਮੂਲਾ ਜਾਰੀ ਰਹਿਣ ਦੀ ਉਮੀਦ ਹੈ ਪਰ ਏਕਨਾਥ ਸ਼ਿੰਦੇ ਖੁਦ ਨਵੀਂ ਸਰਕਾਰ ’ਚ ਡਿਪਟੀ ਸੀ. ਐੱਮ. ਬਣਨ ਦੇ ਇੱਛੁਕ ਨਹੀਂ ਹਨ। ਸ਼ਿਵ ਸੈਨਾ ਦੇ ਵਿਧਾਇਕ ਅਤੇ ਬੁਲਾਰੇ ਸੰਜੇ ਨੇ ਕਿਹਾ ਕਿ ਸ਼ਿੰਦੇ ਦੇ ਡਿਪਟੀ ਸੀ. ਐੱਮ. ਬਣਨ ਦੀ ਸੰਭਾਵਨਾ ਘੱਟ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਡਿਪਟੀ ਸੀ. ਐੱਮ. ਬਣਨਾ ਠੀਕ ਨਹੀਂ ਹੋਵੇਗਾ। ਸ਼ਿਵ ਸੈਨਾ ’ਚ ਸ਼ਿੰਦੇ ਦੀ ਥਾਂ ਇਹ ਅਹੁਦਾ ਕਿਸੇ ਹੋਰ ਨੂੰ ਦਿੱਤਾ ਜਾਵੇਗਾ।
ਸ਼ਿਵ ਸੈਨਾ ਨੂੰ 12 ਤੇ ਐੱਨ. ਸੀ. ਪੀ. ਨੂੰ ਮੰਤਰੀਆਂ ਦੇ 9 ਅਹੁਦੇ ਮਿਲ ਸਕਦੇ ਹਨ
ਕਿਹਾ ਜਾ ਰਿਹਾ ਹੈ ਕਿ ਨਵੀਂ ਸਰਕਾਰ ’ਚ ਭਾਜਪਾ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖੇਗੀ। ਇਸ ਤੋਂ ਇਲਾਵਾ ਅਜੀਤ ਪਵਾਰ ਦੀ ਐੱਨ. ਸੀ. ਪੀ. ਕੋਲ ਵਿੱਤ ਤੇ ਸ਼ਿੰਦੇ ਦੀ ਸ਼ਿਵ ਸੈਨਾ ਕੋਲ ਸ਼ਹਿਰੀ ਵਿਕਾਸ ਅਤੇ ਪੀ. ਡਬਲਿਊ. ਡੀ. ਮੰਤਰਾਲਾ ਰਹੇਗਾ। ਸਰਕਾਰ ’ਚ ਭਾਜਪਾ ਨੂੰ 22, ਸ਼ਿਵ ਸੈਨਾ ਨੂੰ 12 ਅਤੇ ਐਨ. ਸੀ.ਪੀ. ਨੂੰ 9 ਮੰਤਰੀ ਮਿਲਣ ਦੀ ਉਮੀਦ ਹੈ।