ਮਹਾਪੰਚਾਇਤ ''ਚ ਕਿਸਾਨ ਆਗੂ ਬੋਲੇ- ਕਰਜ਼ਾ ਮੁਕਤੀ ਲਈ ਮੁੜ ਕਰਾਂਗੇ ਦਿੱਲੀ ਵਲ ਕੂਚ

Saturday, Jan 28, 2023 - 11:06 AM (IST)

ਮਹਾਪੰਚਾਇਤ ''ਚ ਕਿਸਾਨ ਆਗੂ ਬੋਲੇ- ਕਰਜ਼ਾ ਮੁਕਤੀ ਲਈ ਮੁੜ ਕਰਾਂਗੇ ਦਿੱਲੀ ਵਲ ਕੂਚ

ਜੀਂਦ- (ਜਸਮੇਰ, ਸੰਦੀਪ)- ਐੱਮ. ਐੱਸ. ਪੀ. ’ਤੇ ਫਸਲਾਂ ਦੀ ਖਰੀਦ ਦੀ ਗਾਰੰਟੀ ਦੇ ਕਾਨੂੰਨ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਦੇਸ਼ ਵਿਚ ਇਕ ਹੋਰ ਕਿਸਾਨ ਅੰਦੋਲਨ ਦੀ ਆਵਾਜ਼ ਵੀਰਵਾਰ ਜੀਂਦ ਦੀ ਨਵੀਂ ਅਨਾਜ ਮੰਡੀ ਤੋਂ ਸੁਣਾਈ ਦਿੱਤੀ। ਇੱਥੇ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ 'ਚ ਫੈਸਲਾ ਕੀਤਾ ਗਿਆ ਕਿ ਮੋਰਚੇ ਦੀ ਮੀਟਿੰਗ 9 ਫਰਵਰੀ ਨੂੰ ਕੁਰੂਕਸ਼ੇਤਰ ਵਿਚ ਹੋਵੇਗੀ ਜਿਸ ’ਚ ਕਿਸਾਨਾਂ ਦੇ ਮੁੱਦਿਆਂ ’ਤੇ ਪਾਰਲੀਮੈਂਟ ਤਕ ਮਾਰਚ ਕਰਨ ਦੀ ਤਰੀਕ ’ਤੇ ਮੋਹਰ ਲਾਈ ਜਾ ਸਕਦੀ ਹੈ।

ਜੀਂਦ ਦੀ ਨਵੀਂ ਅਨਾਜ ਮੰਡੀ 'ਚ 50,000 ਤੋਂ ਵੱਧ ਕਿਸਾਨਾਂ ਦੀ ਭੀੜ ਇਕੱਠੀ ਹੋਈ। ਇਸ 'ਚ ਪੰਜਾਬ ਦੇ ਕਿਸਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮਹਾਪੰਚਾਇਤ ਵਿਚ ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਦਿੱਲੀ ਤੇ ਉੱਤਰਾਖੰਡ ਦੇ ਕਿਸਾਨ ਅਤੇ ਉਨ੍ਹਾਂ ਦੇ ਨੁਮਾਇੰਦੇ ਵੀ ਪੁੱਜੇ।

ਭਾਕਿਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ, ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਹਨਨ ਮੋਲਾ, ਯੁੱਧਵੀਰ ਸਿੰਘ, ਦਰਸ਼ਨ ਪਾਲ, ਜੋਗਿੰਦਰ ਪਾਲ, ਫੂਲ ਸਿੰਘ ਸ਼ਿਓਕੰਦ ਤੇ ਰਤਨ ਸਿੰਘ ਮਾਨ ਆਦਿ ਨੇ ਕਿਹਾ ਕਿ ਇਸ ਸਰਕਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਉਹ ਸਾਰੇ ਵਾਅਦੇ ਜਲਦੀ ਪੂਰੇ ਕਰਨੇ ਚਾਹੀਦੇ ਹਨ ਜੋ ਕਿਸਾਨ ਅੰਦੋਲਨ ਖਤਮ ਕਰਵਾਉਣ ਸਮੇਂ ਸਾਂਝੇ ਮੋਰਚੇ ਨਾਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਸੰਸਦ ਤਕ ਮਾਰਚ ਜ਼ਰੂਰੀ ਹੋ ਗਿਆ ਹੈ। 9 ਫਰਵਰੀ ਨੂੰ ਕੁਰੂਕਸ਼ੇਤਰ ’ਚ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਹੋਵੇਗੀ, ਜਿਸ ’ਚ ਸੰਸਦ ਵੱਲ ਮਾਰਚ ਕਰਨ ਦੇ ਫ਼ੈਸਲੇ ’ਤੇ ਮੋਹਰ ਲਾਈ ਜਾਵੇਗੀ। ਨਾਲ ਹੀ ਇਸ ਦੀ ਤਰੀਕ ਤੈਅ ਕੀਤੀ ਜਾਵੇਗੀ।

ਮਹਾਪੰਚਾਇਤ ਦੇ ਮੰਚ ਤੋਂ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਹੋਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਕਾਰਪੋਰੇਟਾਂ ਦੇ ਹਵਾਲੇ ਕਰ ਰਹੀ ਹੈ। ਮਹਿੰਗਾਈ ਅਤੇ ਬੇਰੁਜ਼ਗਾਰੀ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ। ਗਰੀਬ ਅਤੇ ਮੱਧ ਵਰਗ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਭ ਤੋਂ ਮਾੜੀ ਹਾਲਤ ਕਿਸਾਨਾਂ ਤੇ ਮਜ਼ਦੂਰਾਂ ਦੀ ਹੈ।
 


author

Tanu

Content Editor

Related News