ਉਜੈਨ: ਭਾਰੀ ਮੀਂਹ ਦੌਰਾਨ ਮਹਾਕਾਲ ਮੰਦਿਰ ਨੇੜੇ ਡਿੱਗੀ ਕੰਧ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
Friday, Sep 27, 2024 - 08:54 PM (IST)
ਉਜੈਨ : ਮੱਧ ਪ੍ਰਦੇਸ਼ 'ਚ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਰਿਹਾ ਹੈ। ਇਸ ਕਾਰਨ ਜਿਥੇ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਉਜੈਨ ਵਿਚ ਸ਼ੁੱਕਰਵਾਰ ਦੇਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਮਹਾਕਾਲ ਮੰਦਿਰ ਦੇ ਗੇਟ ਨੰਬਰ ਚਾਰ ਦੇ ਕੋਲ ਬਣੀ ਕੰਧ ਮਿੱਟੀ ਧਸਣ ਕਾਰਨ ਢਹਿ ਗਈ। ਜਾਣਕਾਰੀ ਮੁਤਾਬਕ ਮਲਬੇ ਹੇਠ ਕੁਝ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਸੂਚਨਾ ਮਿਲਦੇ ਹੀ ਪੁਲਸ-ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਚਲਾਇਆ। ਕੰਧ ਡਿੱਗਣ ਕਾਰਨ ਕੁਝ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਇੰਦੌਰ-ਉਜੈਨ, ਜਬਲਪੁਰ ਅਤੇ ਗਵਾਲੀਅਰ ਡਿਵੀਜ਼ਨਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਆਈਐੱਮਡੀ ਦੇ ਅਨੁਸਾਰ, ਮੱਧ ਪ੍ਰਦੇਸ਼ ਵਿੱਚ ਹੁਣ ਤੱਕ ਔਸਤਨ 42.6 ਇੰਚ ਮੀਂਹ ਪਿਆ ਹੈ। ਦਰਅਸਲ, ਹਵਾ ਦੇ ਉਪਰਲੇ ਹਿੱਸੇ 'ਚ ਚੱਕਰਵਾਤ ਬਣ ਗਿਆ ਹੈ, ਜਿਸ ਕਾਰਨ ਸ਼ੁੱਕਰਵਾਰ ਤੋਂ ਉੱਤਰੀ ਮੱਧ ਪ੍ਰਦੇਸ਼ 'ਚ ਬਾਰਸ਼ ਵਧ ਗਈ ਹੈ। ਅਜਿਹੇ 'ਚ ਅਗਲੇ 2-3 ਦਿਨਾਂ ਤੱਕ ਸੂਬੇ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਖਾਸ ਤੌਰ 'ਤੇ ਇੰਦੌਰ, ਉਜੈਨ, ਰੀਵਾ, ਗਵਾਲੀਅਰ ਅਤੇ ਸਾਗਰ 'ਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ।