1,500 ਦਾ ਅੰਦਾਜ਼ਾ ਤੇ ਪਹੁੰਚ ਗਏ 7,000 ਲੋਕ ! ਵਿਆਹ ਦੀ ਰਜਿਸਟਰੇਸ਼ਨ ਲਈ ਲਾ'ਤੀਆਂ ਲੰਬੀਆਂ ਲਾਈਨਾਂ

Monday, Nov 02, 2026 - 01:20 PM (IST)

1,500 ਦਾ ਅੰਦਾਜ਼ਾ ਤੇ ਪਹੁੰਚ ਗਏ 7,000 ਲੋਕ ! ਵਿਆਹ ਦੀ ਰਜਿਸਟਰੇਸ਼ਨ ਲਈ ਲਾ'ਤੀਆਂ ਲੰਬੀਆਂ ਲਾਈਨਾਂ

ਕੋਝੀਕੋਡ (ਏਜੰਸੀ)- ਕੇਰਲ ਦੇ ਕੋਝੀਕੋਡ ਨੇੜੇ ਕਰਨਥੁਰ ਸਥਿਤ ਹਰ ਹਰ ਮਹਾਦੇਵ ਮੰਦਰ 'ਚ ਮੁਫ਼ਤ ਵਿਆਹ ਰਜਿਸਟਰੇਸ਼ਨ ਕੈਂਪ ਦੇ ਆਯੋਜਕਾਂ ਨੇ 1,500 ਅਰਜ਼ੀ ਫਾਰਮਾਂ ਦਾ ਪ੍ਰਬੰਧ ਕੀਤਾ ਸੀ ਅਤੇ ਆਮ ਗਿਣਤੀ ਲੋਕਾਂ ਦੇ ਆਉਣ ਦੀ ਉਮੀਦ ਸੀ। ਹਾਲਾਂਕਿ, ਉਨ੍ਹਾਂ ਦੀਆਂ ਉਮੀਦਾਂ ਦੇ ਉਲਟ, ਲਗਭਗ 7,000 ਲੋਕ 1 ਨਵੰਬਰ ਨੂੰ ਕੈਂਪ 'ਚ ਪਹੁੰਚੇ, ਜਿਨ੍ਹਾਂ 'ਚੋਂ ਬਹੁਤ ਸਾਰੇ ਜੀਵਨ ਸਾਥੀ ਦੀ ਭਾਲ 'ਚ ਦੂਰ-ਦੁਰਾਡੇ ਜ਼ਿਲ੍ਹਿਆਂ ਤੋਂ ਆਏ ਸਨ। ਭੀੜ ਇੰਨੀ ਜ਼ਿਆਦਾ ਸੀ ਕਿ ਅਰਜ਼ੀ ਫਾਰਮ ਘੰਟਿਆਂ 'ਚ ਹੀ ਖਤਮ ਹੋ ਗਏ।

ਆਯੋਜਕਾਂ ਨੂੰ ਪਹਿਲਾਂ ਉਨ੍ਹਾਂ ਦੀ ਫੋਟੋਕਾਪੀ ਕਰਵਾਉਣੀ ਪਈ ਅਤੇ ਬਾਅਦ 'ਚ ਹਜ਼ਾਰਾਂ ਵਾਧੂ ਕਾਪੀਆਂ ਛਾਪਣ ਲਈ ਇਕ ਪ੍ਰਿੰਟਿੰਗ ਪ੍ਰੈਸ ਨਾਲ ਸੰਪਰਕ ਕਰਨਾ ਪਿਆ। ਮੰਦਰ ਦੇ ਬਾਹਰ ਲੋਕਾਂ ਦੀ ਲਾਈਨ ਕੰਪਲੈਕਸ ਤੋਂ ਅੱਗੇ ਨਿਕਲ ਕੇ ਨੈਸ਼ਨਲ ਹਾਈਵੇਅ 'ਤੇ 2 ਬੱਸ ਅੱਡਿਆਂ ਤੱਕ ਪਹੁੰਚ ਗਈ। ਭੀੜ ਨੂੰ ਕਾਬੂ ਕਰਨ ਅਤੇ ਸਥਿਤੀ ਨੂੰ ਸੰਭਾਲਣ ਲਈ ਪੁਲਸ ਬੁਲਾਉਣੀ ਪਈ, ਜਿਸ ਨਾਲ ਆਵਾਜਾਈ 'ਚ ਵਿਘਨ ਪਿਆ। ਮੰਦਰ ਪਹੁੰਚੇ ਲੋਕਾਂ ਲਈ ਇਹ ਕੈਂਪ ਸਾਲਾਂ ਤੋਂ ਜੀਵਨਸਾਥੀ ਦੀ ਭਾਲ 'ਚ ਜੁਟੇ ਲੋਕਾਂ ਲਈ ਇਕ ਉਮੀਦ ਬਣ ਕੇ ਆਇਆ।

ਸੋਸ਼ਲ ਮੀਡੀਆ 'ਤੇ 2 ਹਫ਼ਤੇ ਪਹਿਲਾਂ ਇਸ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਟਸਐੱਪ ਅਤੇ ਫੇਸਬੁੱਕ ਰਾਹੀਂ ਇਸ ਦੀ ਜਾਣਕਾਰੀ ਪੂਰੇ ਕੇਰਲਮ 'ਚ ਫੈਲ ਗਈ। ਕਨੂੰਰ, ਵਾਇਨਾਡ ਅਤੇ ਪਲੱਕੜ ਸਮੇਤ ਕਈ ਜ਼ਿਲ੍ਹਿਆਂ ਦੇ ਲੋਕ ਇੱਥੇ ਪਹੁੰਚੇ। ਕੁਝ ਲੋਕਾਂ ਨੇ ਕੈਂਪ 'ਚ ਸ਼ਾਮਲ ਹੋਣ ਲਈ ਸ਼ਹਿਰ 'ਚ ਕਮਰੇ ਵੀ ਬੁੱਕ ਕਰਵਾਏ ਸਨ। ਸਵੇਰੇ 9 ਵਜੇ ਸ਼ੁਰੂ ਹੋਣਾ ਵਾਲਾ ਕੈਂਪ ਭੀੜ ਕਾਰਨ 2 ਘੰਟੇ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ। ਚਾਰ ਘੰਟੇ ਦਾ ਪ੍ਰੋਗਰਾਮ ਸ਼ਾਮ ਤੱਕ ਚੱਲਿਆ। ਪ੍ਰਬੰਧਕਾਂ ਦੇ ਅਨੁਸਾਰ, ਰਜਿਸਟਰੇਸ਼ਨ ਕਰਵਾਉਣ ਵਾਲਿਆਂ 'ਚ ਲਗਭਗ 80 ਫੀਸਦੀ ਪੁਰਸ਼ ਸਨ। ਬਹੁਤ ਸਾਰੇ 30 ਸਾਲ ਤੋਂ ਵੱਧ ਉਮਰ ਦੇ ਸਨ, ਜਦੋਂ ਕਿ ਕੁਝ 40 ਅਤੇ 50 ਦੇ ਸਾਲ ਦੇ ਸਨ।

ਅਰਜ਼ੀ ਦੇਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਦੂਜੇ ਵਿਆਹ ਲਈ ਜੀਵਨਸਾਥੀ ਲੱਭ ਰਹੀਆਂ ਸਨ। ਇਕ ਔਰਤ ਨੇ ਕਿਹਾ ਕਿ ਉਹ ਆਪਣੇ ਪੁੱਤਰ ਲਈ ਲਾੜੀ ਲੱਭ ਰਹੀ ਸੀ ਅਤੇ ਉਸ ਨੂੰ ਉਮੀਦ ਹੈ ਕਿ ਇਸ ਕੈਂਪ ਨਾਲ ਉਸ ਦੀ ਇੱਛਾ ਪੂਰੀ ਹੋ ਸਕਦੀ ਹੈ। ਮੰਦਰ ਕਮੇਟੀ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਇਹ ਪਹਿਲ ਧਾਰਮਿਕ ਗਤੀਵਿਧੀਆਂ ਤੋਂ ਪਰੇ ਸਮਾਜ ਸੇਵਾ ਨੂੰ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। ਕਮੇਟੀ ਆਰਥਿਕ ਤੌਰ 'ਤੇ ਪਛੜੇ ਪਰਿਵਾਰਾਂ ਅਤੇ ਮਰੀਜ਼ਾਂ ਦੀ ਵੀ ਮਦਦ ਕਰਦੀ ਹੈ। ਇਕ ਪ੍ਰਤੀਨਿਧੀ ਨੇ ਕਿਹਾ ਕਿ ਸ਼ੁਰੂ 'ਚ 1,500 ਤੋਂ 2,000 ਲੋਕਾਂ ਦੀ ਉਮੀਦ ਸੀ, ਪਰ ਪ੍ਰਤੀਕਿਰਿਆ ਕਿਤੇ ਵੱਧ ਰਹੀ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮਾਪੇ ਆਪਣੇ ਪੁੱਤਰਾਂ ਲਈ ਢੁਕਵੇਂ ਜੀਵਨ ਸਾਥੀ ਨਾ ਮਿਲਣ ਬਾਰੇ ਚਿੰਤਤ ਹਨ। ਜਦੋਂ ਅਰਜ਼ੀ ਫਾਰਮ ਖਤਮ ਹੋਣ 'ਤੇ ਆਯੋਜਕਾਂ ਨੇ 4,000 ਵਾਧੂ ਕਾਪੀਆਂ ਛਪਵਾਈਆਂ ਤਾਂ ਜੋ ਦੂਰ-ਦੁਰਾਡੇ ਤੋਂ ਆਏ ਲੋਕਾਂ ਨੂੰ ਵਾਪਸ ਨਾ ਜਾਣਾ ਪਵੇ। ਕਮੇਟੀ ਹੁਣ ਬਿਨੈਕਾਰਾਂ ਦੀ ਸੂਚੀ ਤਿਆਰ ਕਰਨ ਅਤੇ ਇਸ ਨੂੰ ਉਪਲਬਧ ਕਰਾਉਣ ਦੀ ਯੋਜਨਾ ਬਣਾ ਰਹੀ ਹੈ। ਇਸ 'ਚ 10 ਤੋਂ 20 ਦਿਨ ਲੱਗ ਸਕਦੇ ਹਨ ਅਤੇ ਬਿਨੈਕਾਰ ਨੂੰ ਅਗਲੇ ਮਹੀਨੇ ਦੀ ਪਹਿਲੀ ਤਾਰੀਖ ਤੱਕ ਜਵਾਬ ਮਿਲਣ ਦੀ ਉਮੀਦ ਹੈ। ਪ੍ਰਬੰਧਕਾਂ ਨੇ 22 ਨਵੰਬਰ ਤੋਂ ਬਾਅਦ ਹਰ ਐਤਵਾਰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੈਂਪ ਲਗਾਉਣ ਦਾ ਫੈਸਲਾ ਕੀਤਾ ਹੈ। ਕਮੇਟੀ ਦਾ ਮੰਨਣਾ ਹੈ ਕਿ ਜੀਵਨ ਸਾਥੀ ਲੱਭਣ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਮਦਦ ਲਈ ਦੂਜੇ ਮੰਦਰ ਵੀ ਅਜਿਹੀ ਪਹਿਲ ਕਰ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News