'ਮਹਾ' ਅਤੇ 'ਬੁਲਬੁਲ' ਚੱਕਰਵਾਤੀ ਤੂਫਾਨਾਂ ਨਾਲ ਘਿਰਿਆ ਭਾਰਤ, ਭਾਰੀ ਮੀਂਹ ਦਾ ਅਲਰਟ

11/06/2019 11:05:56 AM

ਕੋਲਕਾਤਾ— ਭਾਰਤ ਇਸ ਸਮੇਂ ਦੋ ਚੱਕਰਵਾਤੀ ਤੂਫਾਨ ਨਾਲ ਘਿਰਿਆ ਹੋਇਆ ਹੈ। ਇਕ ਪਾਸੇ ਅਰਬ ਸਾਗਰ ਵਿਚ ਚੱਕਰਵਾਤੀ ਤੂਫਾਨ 'ਮਹਾ' ਅਤੇ ਬੰਗਾਲ ਦੀ ਖਾੜੀ 'ਚ 'ਬੁਲਬੁਲ' ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਬੁਲਬੁਲ ਇਸ ਸਾਲ ਦਾ 7ਵਾਂ ਚੱਕਰਵਾਤੀ ਤੂਫਾਨ ਹੋਵੇਗਾ। ਗੰਭੀਰ ਚੱਕਰਵਾਤੀ ਤੂਫਾਨ 'ਮਹਾ' ਵੀਰਵਾਰ ਸਵੇਰੇ ਗੁਜਰਾਤ ਦੇ ਤੱਟ 'ਤੇ ਤੇਜ਼ੀ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਦੇ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਨਾਲ ਹੀ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦੇ ਬੁਲੇਟਿਨ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਮਹਾ ਕਾਰਨ 6 ਨਵੰਬਰ ਨੂੰ ਗੁਜਰਾਤ ਦੇ ਤੱਟ ਨਾਲ ਟਕਰਾਉਣ ਕਾਰਨ ਕੱਛ ਖੇਤਰ ਅਤੇ ਅੰਡਮਾਨ ਨਿਕੋਬਾਰ 'ਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਤੂਫਾਨ ਬੁਲਬੁਲ ਭਾਰਤ ਦੇ ਪੂਰਬੀ ਤੱਟਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ ਪਰ ਇਸ ਦੇ ਟਕਰਾਉਣ ਦੀ ਲੋਕੇਸ਼ਨ ਦਾ ਅਜੇ ਸਟੀਕ ਅੰਦਾਜਾ ਨਹੀਂ ਲਾਇਆ ਜਾ ਸਕਿਆ ਹੈ। 

ਗੁਜਰਾਤ ਵਿਚ ਮੌਸਮ ਦੇ ਵਿਗੜਦੇ ਮਿਜਾਜ਼ ਨੂੰ ਦੇਖਦੇ ਹੋਏ ਕੈਬਨਿਟ ਸਕੱਤਰ ਰਾਜੀਵ ਗਾਬਾ ਦੀ ਪ੍ਰਧਾਨਗੀ 'ਚ ਰਾਸ਼ਟਰੀ ਆਫਤ ਪ੍ਰਬੰਧਨ ਕਮੇਟੀ ਦੀ ਬੈਠਕ ਵਿਚ ਗੁਜਰਾਤ, ਮਹਾਰਾਸ਼ਟਰ ਅਤੇ ਦਮਨ ਅਤੇ ਦਿਯੂ ਵਿਚ ਆਉਣ ਵਾਲੇ ਮਹਾ ਚੱਕਰਵਾਤੀ ਨਾਲ ਨਜਿੱਠਣ ਦੀ ਤਿਆਰੀ ਨਾਲ ਜਾਇਜ਼ਾ ਲਿਆ ਗਿਆ। ਬੈਠਕ ਵਿਚ ਗੁਜਰਾਤ ਅਤੇ ਮਹਾਰਾਸ਼ਟਰ ਦੇ ਮੁੱਖ ਸਕੱਤਰਾਂ ਨੇ ਦੱਸਿਆ ਕਿ ਸੂਬਿਆਂ ਵਿਚ ਜ਼ਰੂਰੀ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਆਫਤ ਪ੍ਰਬੰਧਨ ਬਲ ਦੀਆਂ ਟੀਮਾਂ ਨੂੰ ਤੱਟ ਰੱਖਿਅਕ ਅਤੇ ਜਲ ਸੈਨਾ ਨਾਲ ਤਾਇਨਾਤ ਕਰ ਦਿੱਤਾ ਗਿਆ ਹੈ। ਚੱਕਰਵਾਤ ਮਹਾ ਕਾਰਨ ਭਾਰੀ ਮੀਂਹ ਦੀ ਚਿਤਾਵਨੀ ਨੂੰ ਦੇਖਦੇ ਹੋਏ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਵਿਚ ਸਕੂਲ ਅਤੇ ਕਾਲਜ 6 ਤੋਂ 8 ਨਵੰਬਰ ਤਕ ਬੰਦ ਰਹਿਣਗੇ। ਇਸ ਦੇ ਨਾਲ ਹੀ ਮਛੇਰਿਆਂ ਨੂੰ ਵੀ ਅਗਲੇ 3-4 ਦਿਨ ਤਕ ਸਮੁੰਦਰ ਵਿਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।


Tanu

Content Editor

Related News