ਮਦਰੱਸੇ ''ਚ10ਵੀਂ ਦਾ ਇਕ ਵੀ ਵਿਦਿਆਰਥੀ ਅੰਗਰੇਜ਼ੀ ''ਚ ਨਹੀਂ ਲਿਖ ਸਕਿਆ ਆਪਣਾ ਨਾਂ, ਨੋਟਿਸ ਜਾਰੀ

Monday, Apr 28, 2025 - 10:32 AM (IST)

ਮਦਰੱਸੇ ''ਚ10ਵੀਂ ਦਾ ਇਕ ਵੀ ਵਿਦਿਆਰਥੀ ਅੰਗਰੇਜ਼ੀ ''ਚ ਨਹੀਂ ਲਿਖ ਸਕਿਆ ਆਪਣਾ ਨਾਂ, ਨੋਟਿਸ ਜਾਰੀ

ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹਾ ਹੈੱਡਕੁਆਰਟਰ ਦੇ ਇਕ ਮਦਰੱਸੇ ਵਿਚ 10ਵੀਂ ਜਮਾਤ ਦਾ ਇਕ ਵੀ ਵਿਦਿਆਰਥੀ ਅੰਗਰੇਜ਼ੀ ਵਿਚ ਆਪਣਾ ਨਾਂ ਨਾ ਲਿਖ ਸਕਿਆ। ਇਸ ਬਾਬਤ ਘੱਟ ਗਿਣਤੀ ਕਲਿਆਣ ਅਧਿਕਾਰੀ ਵਲੋਂ ਨਿਰੀਖਣ ਕੀਤਾ ਸੀ ਅਤੇ ਬਾਅਦ ਵਿਚ ਵਿਭਾਗ ਨੇ ਸੰਚਾਲਕ ਨੂੰ ਚਿਤਾਵਨੀ ਦਿੰਦੇ ਹੋਏ ਨੋਟਿਸ ਜਾਰੀ ਕੀਤਾ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਜ਼ਿਲ੍ਹਾ ਘੱਟ ਗਿਣਤੀ ਕਲਿਆਣ ਅਧਿਕਾਰੀ ਸੰਜੇ ਮਿਸ਼ਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਤਵਾਰ ਨੂੰ ਬੜੀ ਤਕੀਆ ਦੇ ਮਾਨਤਾ ਪ੍ਰਾਪਤ ਮਦਰੱਸੇ ਜਾਮੀਆ ਗਾਜ਼ੀਆ ਸਯਦੁੱਲਮ ਵਿਚ ਅਚਾਨਕ ਨਿਰੀਖਣ ਕੀਤਾ ਗਿਆ ਅਤੇ ਇਸ ਦੌਰਾਨ ਇਕ ਅਧਿਆਪਕ ਗੈਰ-ਹਾਜ਼ਰ ਪਾਇਆ ਗਿਆ ਪਰ ਉਸ ਦੀ ਗੈਰ-ਹਾਜ਼ਰੀ ਰਜਿਸਟਰ ਵਿਚ ਦਰਜ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਨਸ਼ੀ, ਮੌਲਵੀ ਅਤੇ ਆਲਿਮ ਦੀਆਂ ਕਲਾਸਾਂ 'ਚ ਵੀ ਬੱਚਿਆਂ ਦੀ ਗਿਣਤੀ ਰਜਿਸਟ੍ਰੇਸ਼ਨ ਦੇ ਮੁਕਾਬਲੇ ਬਹੁਤ ਘੱਟ ਸੀ। ਮਿਸ਼ਰਾ ਨੇ ਦਾਅਵਾ ਕੀਤਾ ਕਿ ਨਿਰੀਖਣ ਦੌਰਾਨ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਨਾਮ ਅਤੇ ਮਦਰੱਸੇ ਦਾ ਨਾਮ ਅੰਗਰੇਜ਼ੀ ਵਿਚ ਲਿਖਣ ਲਈ ਕਿਹਾ ਗਿਆ ਸੀ ਪਰ ਇਕ ਵੀ ਵਿਦਿਆਰਥੀ ਅਜਿਹਾ ਨਹੀਂ ਕਰ ਸਕਿਆ।

ਅਧਿਕਾਰੀ ਨੇ ਕਿਹਾ ਕਿ ਮਦਰੱਸੇ 'ਚ ਅਰਬੀ, ਫਾਰਸੀ ਤੋਂ ਇਲਾਵਾ ਹੋਰ ਵਿਸ਼ਿਆਂ ਦੀ ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਬੱਚਿਆਂ ਦੀ ਹਾਲਤ ਬਹੁਤ ਚਿੰਤਾਜਨਕ ਹੈ। ਮਿਸ਼ਰਾ ਨੇ ਕਿਹਾ ਕਿ ਬੱਚਿਆਂ ਵੱਲ ਧਿਆਨ ਨਾ ਦੇ ਕੇ ਉਨ੍ਹਾਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ। ਸਥਿਤੀ ਨੂੰ ਸੁਧਾਰਨ ਦੀ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਦਰੱਸੇ ਦੇ ਡਾਇਰੈਕਟਰ ਅਤੇ ਗੈਰ-ਹਾਜ਼ਰ ਅਧਿਆਪਕ ਨੂੰ ਨੋਟਿਸ ਦਿੱਤਾ ਗਿਆ ਹੈ। ਬਹਿਰਾਈਚ ਜ਼ਿਲ੍ਹੇ ਵਿਚ ਕੁੱਲ 301 ਮਾਨਤਾ ਪ੍ਰਾਪਤ ਮਦਰੱਸੇ ਹਨ, ਇਨ੍ਹਾਂ ਤੋਂ ਇਲਾਵਾ ਹਾਲ ਹੀ ਵਿਚ ਕੀਤੇ ਗਏ ਇਕ ਸਰਵੇਖਣ ਵਿਚ 495 ਗੈਰ-ਮਾਨਤਾ ਪ੍ਰਾਪਤ ਮਦਰੱਸਿਆਂ ਦਾ ਪਤਾ ਲਾਇਆ ਗਿਆ ਹੈ।


author

Tanu

Content Editor

Related News