ਹੜ੍ਹ ਦੀ ਲਪੇਟ ''ਚ ਮੱਧ ਪ੍ਰਦੇਸ਼, ਅੱਜ ਵੀ ਰਾਹਤ ਦੀ ਉਮੀਦ ਨਹੀਂ
Tuesday, Sep 10, 2019 - 11:19 AM (IST)

ਭੋਪਾਲ (ਵਾਰਤਾ)— ਮੱਧ ਪ੍ਰਦੇਸ਼ ਵਿਚ ਪਿਛਲੇ 3 ਦਿਨਾਂ ਤੋਂ ਲਗਾਤਾਰ ਜਾਰੀ ਬਾਰਿਸ਼ ਕਾਰਨ ਨਦੀਆਂ-ਨਾਲਿਆਂ 'ਚ ਊਫਾਨ ਕਾਰਨ ਹੁਣ ਤਕ ਅੱਧਾ ਦਰਜਨ ਤੋਂ ਵੀ ਵੱਧ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਸਥਾਨਕ ਮੌਸਮ ਵਿਭਾਗ ਨੇ ਅੱਜ ਵੀ ਸੂਬੇ ਦੇ ਕਰੀਬ 32 ਜ਼ਿਲਿਆਂ ਵਿਚ ਭਾਰੀ ਬਾਰਿਸ਼ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇੱਥੇ ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਚ ਰੁੱਕ-ਰੁੱਕ ਕੇ ਬਾਰਿਸ਼ ਪੈ ਰਹੀ ਹੈ। ਹੜ੍ਹ ਕਾਰਨ ਵਿਦਿਸ਼ਾ ਜ਼ਿਲਾ ਜ਼ਿਆਦਾ ਪ੍ਰਭਾਵਿਤ ਹੋਇਆ। ਲਗਾਤਾਰ ਬਾਰਿਸ਼ ਕਾਰਨ ਵੱਖ-ਵੱਖ ਥਾਵਾਂ 'ਤੇ ਕੁੱਲ 15 ਬਸਤੀਆਂ ਪਾਣੀ-ਪਾਣੀ ਹੋ ਗਈਆਂ ਹਨ, ਜਿੱਥੇ 5 ਤੋਂ 6 ਫੁੱਟ ਪਾਣੀ ਭਰਿਆ ਹੈ। ਇੱਥੇ ਬੇਤਵਾ ਨਦੀ ਦੇ ਪੁਲ ਤੋਂ 15 ਤੋਂ 20 ਫੁੱਟ ਉੱਪਰ ਪਾਣੀ ਵਹਿ ਰਿਹਾ ਹੈ। ਰਾਏਸੇਨ ਜ਼ਿਲੇ ਦਾ ਵੀ ਵੱਖ-ਵੱਖ ਥਾਵਾਂ 'ਤੇ ਨਦੀਆਂ ਅਤੇ ਨਾਲਿਆਂ ਦੇ ਉਫਾਨ 'ਤੇ ਹੋਣ ਕਾਰਨ ਵਿਦਿਸ਼ਾ ਅਤੇ ਭੋਪਾਲ ਤੋਂ ਸੜਕ ਸੰਪਰਕ ਟੁੱਟਿਆ ਹੋਇਆ ਹੈ।
ਉੱਥੇ ਹੀ ਸੀਹੋਰ ਜ਼ਿਲੇ ਵਿਚ ਇਕ ਬਰਸਾਤੀ ਨਾਲੇ ਵਿਚ ਕਾਰ ਦੇ ਡਿੱਗ ਜਾਣ ਕਾਰਨ ਉਸ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਭਾਰੀ ਬਾਰਿਸ਼ ਕਾਰਨ ਕੱਲ ਰਾਜਧਾਨੀ ਭੋਪਾਲ ਸਮੇਤ ਸੀਹੋਰ, ਰਾਏਸੇਨ ਅਤੇ ਵਿਦਿਸ਼ਾ ਜ਼ਿਲਿਆਂ ਵਿਚ ਸਕੂਲ ਅਤੇ ਹੋਰ ਸਿੱਖਿਅਕ ਸੰਸਥਾਵਾਂ 'ਚ ਜ਼ਿਲਾ ਪ੍ਰਸ਼ਾਸਨ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਜਬਲਪੁਰ ਦੇ ਬਰਗੀ ਬੰਨ੍ਹ ਤੋਂ ਪਾਣੀ ਛੱਡੇ ਜਾਣ ਕਾਰਨ ਨਰਮਦਾ ਨਦੀ 'ਚ ਥਾਂ-ਥਾਂ ਉਫਾਨ ਕਾਇਮ ਹੈ। ਨਰਮਦਾ ਦੇ ਬੈਕ ਵਾਟਰ ਕਾਰਨ ਬੜਵਾਨੀ ਜ਼ਿਲੇ ਵਿਚ ਪਿੰਡ ਦੇ ਪਿੰਡ ਟਾਪੂ ਬਣ ਗਏ ਹਨ।