ਦਲਿਤ ਨੌਜਵਾਨ ਨਾਲ ਜ਼ੁਲਮ ਦੀ ਇੰਤਾ, ਕੁੱਟਮਾਰ ਕਰ ਕੇ ਗਲ ’ਚ ਪਾਇਆ ਜੁੱਤੀਆਂ ਦਾ ਹਾਰ

Wednesday, Jun 02, 2021 - 12:11 PM (IST)

ਦਲਿਤ ਨੌਜਵਾਨ ਨਾਲ ਜ਼ੁਲਮ ਦੀ ਇੰਤਾ, ਕੁੱਟਮਾਰ ਕਰ ਕੇ ਗਲ ’ਚ ਪਾਇਆ ਜੁੱਤੀਆਂ ਦਾ ਹਾਰ

ਜਬਲਪੁਰ (ਬਿਊਰੋ)— ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਦਿਲ ਦਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿੱਥੇ ਦਬੰਗਾਂ ਨੇ ਇਕ ਦਲਿਤ ਨੌਜਵਾਨ ਅਤੇ ਉਸ ਦੇ ਭਰਾ ’ਤੇ ਤਸ਼ੱਦਦ ਢਾਹਿਆ। ਦਲਿਤ ਨੌਜਵਾਨ ਨੂੰ ਉੱਚੀ ਜਾਤੀ ਦੀ ਕੁੜੀ ਨਾਲ ਪਿਆਰ ਕਰਨ ਦੀ ਅਜਿਹੀ ਭਿਆਨਕ ਸਜ਼ਾ ਦਿੱਤੀ ਗਈ ਕਿ ਹਰ ਕਿਸੇ ਦਾ ਦਿਲ ਝੰਜੋੜਿਆ ਜਾਵੇਗਾ। ਦਰਅਸਲ ਦਲਿਤ ਨੌਜਵਾਨ ਨੇ ਆਪਣੇ ਗਰਲਫਰੈਂਡ ਨੂੰ ਮੋਬਾਇਲ ਫੋਨ ਤੋਹਫ਼ੇ ਵਿਚ ਦਿੱਤਾ ਸੀ। ਇਸ ਤੋਂ ਨਾਰਾਜ਼ ਕੁਝ ਦਬੰਗਾਂ ਨੇ ਉਸ ਨੂੰ ਸਬਕ ਸਿਖਾਉਣ ਲਈ ਪਹਿਲਾਂ ਉਸ ਦੇ ਵਾਲ ਕੱਟ ਦਿੱਤੇ ਅਤੇ ਉਸ ਨੂੰ ਜੁੱਤੀਆਂ ਦਾ ਹਾਰ ਪਹਿਨਾ ਕੇ ਪੂਰੇ ਪਿੰਡ ’ਚ ਘੁਮਾਇਆ। ਘਟਨਾ ਦੀ ਵੀਡੀਓ ਵਾਇਰਲ ਹੋਇਆ ਤਾਂ ਪੁਲਸ ਨੇ ਦੋਸ਼ੀਆਂ ’ਤੇ ਮਾਮਲਾ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਹੈ।

ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਜਬਲਪੁਰ ਤੋਂ 30 ਕਿਲੋਮੀਟਰ ਦੂਰ ਚਰਗੰਵਾ ਦੇ ਦਾਮਨ ਖਮਰੀਆ ਪਿੰਡ ਦੀ ਹੈ, ਜਿੱਥੇ 22 ਮਈ ਨੂੰ ਪਿੰਡ ਦੇ ਦਬੰਗਾਂ ਨੇ ਦਲਿਤ ਨੌਜਵਾਨ ਅਤੇ ਉਸ ਦੇ ਭਰਾ ਨੂੰ ਘਰ ਬੁਲਾ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਪੀੜਤ ਦਬੰਗਾਂ ਦੀ ਭੈਣ ਨੂੰ ਪਿਆਰ ਕਰਦਾ ਸੀ। ਇਕ ਦੂਜੇ ਨਾਲ ਫੋਨ ’ਤੇ ਗੱਲ ਕਰਨ ਲਈ ਪੀੜਤ ਨੌਜਵਾਨ ਨੇ ਕੁੜੀ ਨੂੰ ਮੋਬਾਇਲ ਤੋਹਫ਼ੇ ਵਿਚ ਦਿੱਤਾ। ਦੋਹਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਰ ਇਕ ਦਿਨ ਕੁੜੀ ਦੇ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਹੋ ਗਈ।

ਉਸ ਤੋਂ ਬਅਦ ਲੋਕਾਂ ਨੇ ਨੌਜਵਾਨ ਨੂੰ ਸਬਕ ਸਿਖਾਉਣ ਲਈ ਰਾਜਕੁਮਾਰ ਅਤੇ ਉਸ ਦੇ ਭਰਾ ਮਹਿੰਦਰ ਡਹੇਰੀਆ ਨੂੰ ਘਰ ਬੁਲਾਇਆ। ਉੱਥੇ ਦਬੰਗਾਂ ਨੇ ਰਾਜਕੁਮਾਰ ਅਤੇ ਮਹਿੰਦਰ ਨਾਲ ਜੰਮ ਕੇ ਕੁੱਟਮਾਰ ਕੀਤੀ ਅਤੇ ਉਸ ਦੇ ਸਿਰ ਦੇ ਵਾਲ ਕੱਟ ਦਿੱਤੇ ਅਤੇ ਉਨ੍ਹਾਂ ਦੇ ਗਲ਼ਾ ’ਚ ਜੁੱਤੀਆਂ ਦਾ ਹਰਾ ਪੁਆ ਕੇ ਪਿੰਡ ’ਚ ਘੁਮਾਇਆ। ਨਾਲ ਹੀ ਉਨ੍ਹਾਂ ਤੋਂ ਥੁੱਕ ਵੀ ਚਟਵਾਇਆ। ਇਸ ਸਾਰੀ ਘਿਣੌਨੀ ਘਟਨਾ ਦੀ ਦਬੰਗਾਂ ਨੇ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਓਧਰ ਪੁਲਸ ਨੂੰ ਇਸ ਘਟਨਾ ਬਾਰੇ ਜਾਣਕਾਰੀ 27 ਮਈ ਨੂੰ ਮਿਲੀ। ਪੁਲਸ ਨੇ ਪੀੜਤ ਨੌਜਵਾਨਾਂ ਦੀ ਸ਼ਿਕਾਇਤ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ।


author

Tanu

Content Editor

Related News