ਮੱਧ ਪ੍ਰਦੇਸ਼ ’ਚ ਬਾਘਾਂ ਦੀ ਗਿਣਤੀ ਦੇਸ਼ ’ਚ ਸਭ ਤੋਂ ਜ਼ਿਆਦਾ, ਕੁੱਲ ਆਬਾਦੀ ਵਧ ਕੇ 3682 ਹੋਈ
Sunday, Jul 30, 2023 - 11:50 AM (IST)
ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਸੂਬੇ ’ਚ 4 ਸਾਲਾਂ ਦੌਰਾਨ ਬਾਘਾਂ ਦੀ ਗਿਣਤੀ 526 ਤੋਂ ਵਧ ਕੇ 785 ਹੋ ਗਈ ਹੈ। ਇਹ ਗਿਣਤੀ ਦੇਸ਼ ’ਚ ਸਭ ਤੋਂ ਜ਼ਿਆਦਾ ਹੈ। ਅੰਤਰਰਾਸ਼ਟਰੀ ਬਾਘ ਦਿਵਸ ਦੇ ਮੌਕੇ ਚੌਹਾਨ ਨੇ ਟਵੀਟ ਦੇ ਜ਼ਰੀਏ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦਾ ਵਿਸ਼ਾ ਹੈ ਕਿ ਬਾਘਾਂ ਦੀ ਗਿਣਤੀ ਵਧ ਕੇ 785 ਹੋ ਗਈ ਹੈ। ਭਾਰਤ ’ਚ ਬਾਘਾਂ ਦੀ ਗਿਣਤੀ 2018 ’ਚ 2967 ਤੋਂ ਵਧ ਕੇ 2022 ’ਚ 3682 ਹੋ ਗਈ। ਇਸ ਤਰ੍ਹਾਂ ਬਾਘਾਂ ਦੀ ਗਿਣਤੀ ’ਚ 6 ਫ਼ੀਸਦੀ ਦਾ ਸਾਲਾਨਾ ਵਾਧਾ ਦਰਜ ਕੀਤਾ ਗਿਆ ਹੈ। ਸ਼ਨੀਵਾਰ ਨੂੰ ਅੰਤਰਰਾਸ਼ਟਰੀ ਬਾਘ ਦਿਵਸ ’ਤੇ ਜਾਰੀ ਤਾਜ਼ਾ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਕੇਂਦਰੀ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਤਬਦੀਲੀ ਰਾਜਮੰਤਰੀ ਅਸ਼ਵਿਨੀ ਕੁਮਾਰ ਚੌਬੇ ਨੇ ਉੱਤਰਾਖੰਡ ਦੇ ਰਾਮਨਗਰ ’ਚ 2022 ਦੇ ਅੰਕੜੇ ਜਾਰੀ ਕੀਤੇ।
ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪ੍ਰੈਲ ’ਚ ‘ਪ੍ਰਾਜੈਕਟ ਟਾਈਗਰ’ ਦੇ 50 ਸਾਲ ਪੂਰੇ ਹੋਣ ਮੌਕੇ ‘ਬਾਘਾਂ ਦੀ ਸਥਿਤੀ 2022’ ਜਾਰੀ ਕੀਤੀ ਸੀ ਤਾਂ ਸਰਕਾਰ ਨੇ ਕਿਹਾ ਸੀ ਕਿ ਭਾਰਤ ’ਚ ਘੱਟ ਤੋਂ ਘੱਟ 3167 ਬਾਘ ਹਨ। ਪਿਛਲੇ 4 ਸਾਲਾਂ ’ਚ 50 ਫ਼ੀਸਦੀ ਦੇ ਵਾਧੇ ਨਾਲ ਦੇਸ਼ ’ਚ ਮੱਧ ਪ੍ਰਦੇਸ਼ ’ਚ ਬਾਘਾਂ ਦੀ ਵੱਧ ਤੋਂ ਵੱਧ ਗਿਣਤੀ 785 ਹੈ, ਇਸ ਤੋਂ ਬਾਅਦ ਕਰਨਾਟਕ (563), ਉੱਤਰਾਖੰਡ (560) ਅਤੇ ਮਹਾਰਾਸ਼ਟਰ (444) ਹਨ। ਇਸ ਮੌਕੇ ਆਪਣੇ ਸੰਦੇਸ਼ ’ਚ ਕੇਂਦਰੀ ਜੰਗਲਾਤ, ਵਾਤਾਵਰਣ ਅਤੇ ਜਲਵਾਯੂ ਤਬਦੀਲੀ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ, ‘‘ਬਾਘਾਂ ਦੀ ਹਿਫਾਜ਼ਤ ’ਚ ਭਾਰਤ ਦੇ ਮਿਸਾਲੀ ਯਤਨਾਂ ਅਤੇ ਬਾਘਾਂ ਦੀ ਗਿਣਤੀ ’ਚ ਵਾਧਾ ਸਿਰਫ ਇਕ ਅੰਕੜਾ ਨਹੀਂ ਹੈ, ਸਗੋਂ ਰਾਸ਼ਟਰ ਦੇ ਦ੍ਰਿੜ ਸੰਕਲਪ ਅਤੇ ਵਚਨਬੱਧਤਾ ਦਾ ਇਕ ਸਬੂਤ ਹੈ।’’ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਰੁਣਾਚਲ ਪ੍ਰਦੇਸ਼, ਓਡਿਸ਼ਾ, ਤੇਲੰਗਾਨਾ, ਛੱਤੀਸਗੜ੍ਹ ਅਤੇ ਝਾਰਖੰਡ ਵਰਗੇ ਸੂਬਿਆਂ ’ਚ ਪਿਛਲੇ ਕੁਝ ਸਾਲਾਂ ’ਚ ਬਾਘਾਂ ਦੀ ਗਿਣਤੀ ’ਚ ਗਿਰਾਵਟ ਦਰਜ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8