ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸ ਸੂਬਾਈ ਸਰਕਾਰ ਦਾ ਅਨੋਖਾ ਕਦਮ, ਪਰਾਲੀ ਤੋਂ ਬਣੇਗੀ ''ਬਾਇਓਗੈਸ''

Tuesday, Nov 24, 2020 - 01:41 PM (IST)

ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸ ਸੂਬਾਈ ਸਰਕਾਰ ਦਾ ਅਨੋਖਾ ਕਦਮ, ਪਰਾਲੀ ਤੋਂ ਬਣੇਗੀ ''ਬਾਇਓਗੈਸ''

ਭੋਪਾਲ— ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪ੍ਰਦੂਸ਼ਣ ਦਾ ਪੱਧਰ ਵੱਧਣ 'ਚ ਪਰਾਲੀ ਨੂੰ ਅੱਗ ਲਾਉਣ ਕਾਰਨ ਨਿਕਲੇ ਧੂੰਏਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਹਵਾ ਦੀ ਗੁਣਵੱਤਾ ਨੂੰ ਖਰਾਬ ਹੋਣ ਲਈ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੋਰੋਨਾ ਆਫ਼ਤ ਦਰਮਿਆਨ ਪਰਾਲੀ ਨੂੰ ਅੱਗ ਲਾਉਣਾ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਮੱਧ ਪ੍ਰਦੇਸ਼ ਦੇ ਖੇਤੀ ਵਿਕਾਸ ਅਤੇ ਕਿਸਾਨ ਕਲਿਆਣ ਮੰਤਰੀ ਕਮਲ ਪਟੇਲ ਨੇ ਢੁੱਕਵੀਂ ਪਹਿਲ ਕੀਤੀ ਹੈ। ਪ੍ਰਸਤਾਵਿਤ ਯੋਜਨਾ ਤਹਿਤ ਮੱਧ ਪ੍ਰਦੇਸ਼ ਵਿਚ ਪਰਾਲੀ ਨੂੰ ਬਾਇਓਗੈਸ 'ਚ ਬਦਲਿਆ ਜਾਵੇਗਾ। ਦੱਸ ਦੇਈਏ ਕਿ ਫ਼ਸਲ ਦੀ ਕਟਾਈ ਮਗਰੋਂ ਪਰਾਲੀ ਨੂੰ ਸਾੜਨ ਲਈ ਕਿਸਾਨ ਖੇਤਾਂ 'ਚ ਅੱਗ ਲਾਉਂਦੇ ਹਨ, ਜਿਸ ਨਾਲ ਵੱਡੇ ਪੱਧਰ 'ਤੇ ਧੂੰਆਂ ਹੁੰਦਾ ਹੈ। ਇਸ ਨਾਲ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ। 

ਇਹ ਵੀ ਪੜ੍ਹੋ: ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਦੀ ਤਿਆਰੀ ’ਚ ਨੇ ਕਿੰਨੂ ਉਤਪਾਦਕ ਕਿਸਾਨ, ਜਾਣੋ ਕਿਉਂ

ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਕਿਹਾ ਕਿ ਖੇਤਾਂ 'ਚ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪਹੁੰਚ ਰਿਹਾ ਹੈ, ਕਿਸਾਨਾਂ ਕੋਲ ਇਸ ਤੋਂ ਇਲਾਵਾ ਕੋਈ ਆਸਾਨ ਬਦਲ ਵੀ ਨਹੀਂ ਹੈ। ਪਟੇਲ ਨੇ ਕਿਹਾ ਕਿ ਕਿਸਾਨਾਂ ਨਾਲ ਜੁੜੀਆਂ ਮੁਸ਼ਕਲਾਂ ਨੂੰ ਸਮਝੇ ਬਿਨਾਂ ਇਸ ਦਾ ਹੱਲ ਨਹੀਂ ਨਿਕਲ ਸਕਦਾ। ਖੇਤੀ ਮਜ਼ਦੂਰਾਂ ਦੀ ਘਾਟ ਅਤੇ ਫ਼ਸਲ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਨਾਲ ਪਰਾਲੀ ਵੱਡੀ ਸਮੱਸਿਆ ਬਣ ਗਈ ਹੈ ਅਤੇ ਇਸ ਦਾ ਹੱਲ ਕਿਸਾਨ ਨੂੰ ਜੇਲ੍ਹ ਪਹੁੰਚਾ ਕੇ ਨਹੀਂ ਕੱਢਿਆ ਜਾ ਸਕਦਾ। ਇਸ ਲਈ ਸਰਕਾਰਾਂ ਨੂੰ ਸਹਿਯੋਗੀ ਬਣ ਕੇ ਰਾਹ ਤਲਾਸ਼ਣਾ ਹੋਵੇਗਾ।

ਇਹ ਵੀ ਪੜ੍ਹੋ: ਪਿੰਡ ਬੀਲਾ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਸਿਖਲਾਈ ਕੈਂਪ ਆਯੋਜਿਤ

ਕਮਲ ਪਟੇਲ ਨੇ ਅੱਗੇ ਦੱਸਿਆ ਕਿ ਖੇਤੀ ਵਿਗਿਆਨਕਾਂ ਨਾਲ ਸਲਾਹ-ਮਸ਼ਵਰਾ ਕਰ ਕੇ ਮੱਧ ਪ੍ਰਦੇਸ਼ ਵਿਚ ਪਰਾਲੀ ਤੋਂ ਉਪਯੋਗੀ ਬਾਇਓਗੈਸ ਬਣਾਉਣ ਦੇ ਉਪਾਅ 'ਤੇ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ। ਬਹੁਤ ਜਲਦੀ ਜ਼ਰੂਰੀ ਪਲਾਂਟ ਦੀ ਸਥਾਪਨਾ ਲਈ ਪਹਿਲ ਕੀਤੀ ਜਾਵੇਗੀ। ਇਸ ਨਾਲ ਕਿਸਾਨਾਂ ਲਈ ਆਫ਼ਤ ਬਣੀ ਪਰਾਲੀ ਦਾ ਬਿਹਤਰ ਇਸਤੇਮਾਲ ਹੋ ਸਕੇਗਾ। ਪਰਾਲੀ ਤੋਂ ਬਣੀ ਇਸ ਬਾਇਓਗੈਸ ਦਾ ਸੀ. ਐੱਨ. ਜੀ. ਵਾਹਨਾਂ ਸਮੇਤ ਹੋਰ ਖੇਤਰਾਂ ਵਿਚ ਊਰਜਾ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਸਕੇਗਾ। ਦੱਸਣਯੋਗ ਹੈ ਕਿ ਉੱਤਰ ਭਾਰਤ ਵਿਚ ਪਰਾਲੀ ਇਕ ਬੇਹੱਦ ਗੰਭੀਰ ਸਮੱਸਿਆ ਹੈ। ਇਸ ਦੀ ਵਜ੍ਹਾ ਨਾਲ ਹਰ ਦਿਨ ਪ੍ਰਦੂਸ਼ਣ 'ਚ ਵਾਧਾ ਹੁੰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਖਾਦ ਨਾ ਮਿਲਣ ਕਾਰਣ ਕਿਸਾਨਾਂ ’ਚ ਹਾਹਾਕਾਰ, ਰਾਜਸਥਾਨ ਨੂੰ ਕਰ ਰਹੇ ਹਨ ਕੂਚ


author

Tanu

Content Editor

Related News