ਪਰਮਵੀਰ ਅਤੇ ਅਸ਼ੋਕ ਚੱਕਰ ਪ੍ਰਾਪਤ ਕਰਨ ਵਾਲੇ ਫੌਜੀਆਂ ਨੂੰ MP ਸਰਕਾਰ ਦਾ ਤੋਹਫ਼ਾ

04/05/2023 12:02:45 PM

ਮੱਧ ਪ੍ਰਦੇਸ਼- ਮੱਧ ਪ੍ਰਦੇਸ਼ 'ਚ ਇਸ ਸਾਲ ਦੇ ਅਖ਼ੀਰ 'ਚ ਚੋਣਾਂ ਹੋਣੀਆਂ ਹਨ। ਚੋਣਾਂ ਨੂੰ ਵੇਖਦੇ ਹੋਏ ਸ਼ਿਵਰਾਜ ਸਰਕਾਰ ਨੇ ਰੱਖਿਆ ਸੇਵਾਵਾਂ ਵਲੋਂ ਬਹਾਦਰੀ ਅਤੇ ਵਿਲੱਖਣ ਸੇਵਾ ਮੈਡਲਾਂ ਨਾਲ ਸਨਮਾਨਿਤ ਸੂਬੇ ਦੇ ਫ਼ੌਜੀਆਂ ਲਈ ਨਕਦ ਗ੍ਰਾਂਟਾਂ ਵਿਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ। ਹੁਣ ਪਰਮਵੀਰ ਚੱਕਰ ਅਤੇ ਅਸ਼ੋਕ ਚੱਕਰ ਪ੍ਰਾਪਤ ਕਰਨ ਵਾਲੇ ਫ਼ੌਜੀਆਂ ਨੂੰ 1 ਕਰੋੜ ਰੁਪਏ ਦੀ ਰਾਸ਼ੀ ਮਿਲੇਗੀ। 

ਇਸ ਤਰ੍ਹਾਂ ਮਹਾਵੀਰ ਚੱਕਰ ਅਤੇ ਕੀਰਤੀ ਚੱਕਰ ਵਾਲੇ ਫ਼ੌਜੀਆਂ ਨੂੰ 75-75 ਲੱਖ ਰੁਪਏ ਅਤੇ ਵੀਰ ਤੇ ਸ਼ੌਰਿਆ ਚੱਕਰ ਪ੍ਰਾਪਤ ਫ਼ੌਜੀਆਂ ਨੂੰ 50-50 ਲੱਖ ਰੁਪਏ ਦਿੱਤੇ ਜਾਣਗੇ। ਆਮ ਪ੍ਰਸ਼ਾਸਨ ਵਿਭਾਗ ਵੱਲੋਂ ਜਾਰੀ ਹੁਕਮਾਂ ਵਿਚ ਇਹ ਵਿਵਸਥਾ ਕੀਤੀ ਗਈ ਹੈ ਕਿ ਸੂਬਾ ਸਰਕਾਰ ਵੱਲੋਂ ਏਅਰ ਫੋਰਸ, ਨੇਵੀ ਅਤੇ ਆਰਮੀ ਮੈਡਲਾਂ 'ਤੇ 25 ਲੱਖ ਰੁਪਏ ਇਕਮੁਸ਼ਤ ਦਿੱਤੇ ਜਾਣਗੇ। ਇਸ ਗ੍ਰਾਂਟ ਸਕੀਮ ਦਾ ਲਾਭ ਸਿਰਫ਼ ਮੱਧ ਪ੍ਰਦੇਸ਼ ਦੇ ਪੱਕੇ ਵਸਨੀਕ ਹੀ ਲੈ ਸਕਣਗੇ। ਵਿਭਾਗ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਇਹ ਐਵਾਰਡ ਮਰਨ ਉਪਰੰਤ ਪ੍ਰਾਪਤ ਹੁੰਦਾ ਹੈ ਤਾਂ ਗ੍ਰਾਂਟ ਦੀ ਰਾਸ਼ੀ ਦਾ 35 ਫੀਸਦੀ ਬੱਚਿਆਂ ਵਿਚ, 35 ਫ਼ੀਸਦੀ ਵਿਧਵਾ ਬਹਾਦਰ ਔਰਤਾਂ ਵਿਚ ਅਤੇ 30 ਫ਼ੀਸਦੀ ਮਾਪਿਆਂ ਵਿਚ ਵੰਡਿਆ ਜਾਵੇਗਾ। ਜੇਕਰ ਮਾਪੇ ਨਾ ਹੋਣ ਤਾਂ ਬੱਚਿਆਂ ਅਤੇ ਵਿਧਵਾ ਨੂੰ ਬਰਾਬਰ ਰਾਸ਼ੀ ਵੰਡੀ ਜਾਵੇਗੀ। 

ਅਧਿਕਾਰਤ ਅੰਕੜਿਆਂ ਮੁਤਾਬਕ ਵੱਖ-ਵੱਖ ਸੂਬਿਆਂ ਵਿਚ ਨਕਦ ਗ੍ਰਾਂਟ ਨੀਤੀ ਵੱਖ ਹੈ। ਜੇਕਰ ਤੇਲੰਗਾਨਾ, ਪੰਜਾਬ, ਕਰਨਾਟਕ ਜਾਂ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਗ੍ਰਾਂਟ ਵੱਖ-ਵੱਖ ਹੈ। ਤੇਲੰਗਾਨਾ ਸਰਕਾਰ ਦੇਸ਼ 'ਚ ਬਹਾਦਰੀ ਪੁਰਸਕਾਰ ਜੇਤੂਆਂ ਨੂੰ ਸਭ ਤੋਂ ਵੱਧ ਗ੍ਰਾਂਟ ਦਿੰਦੀ ਹੈ। ਤੇਲੰਗਾਨਾ 2.5 ਕਰੋੜ, ਪੰਜਾਬ, 2 ਕਰੋੜ, ਕਰਨਾਟਕ 1.5 ਕਰੋੜ ਪਰਮਵੀਰ ਅਤੇ ਅਸ਼ੋਕ ਚੱਕਰ ਪ੍ਰਾਪਤ ਕਰਨ ਵਾਲਿਆਂ ਨੂੰ ਦਿੰਦਾ ਹੈ। ਇਸ ਦੇ ਨਾਲ ਹੀ ਗੁਜਰਾਤ ਅਤੇ ਮਨੀਪੁਰ ਦੇਸ਼ ਵਿਚ ਗ੍ਰਾਂਟ ਦੀ ਰਕਮ ਦੇਣ ਵਿੱਚ ਸਭ ਤੋਂ ਘੱਟ ਹਨ। ਜੋ ਸਿਰਫ 20 ਹਜ਼ਾਰ ਰੁਪਏ ਦਿੰਦਾ ਹੈ।
 


Tanu

Content Editor

Related News