ਮੱਧ ਪ੍ਰਦੇਸ਼ : ਬੋਰਡ ਪ੍ਰੀਖਿਆ 'ਚ ਸਵਾਲ, 'ਆਜ਼ਾਦ ਕਸ਼ਮੀਰ' ਬਾਰੇ ਦੱਸੋ
Saturday, Mar 07, 2020 - 04:34 PM (IST)
ਭੋਪਾਲ— ਮੱਧ ਪ੍ਰਦੇਸ਼ 'ਚ 10ਵੀਂ ਦੀ ਬੋਰਡ ਪ੍ਰੀਖਿਆ 'ਚ ਪੁੱਛੇ ਗਏ 2 ਸਵਾਲਾਂ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਪ੍ਰੀਖਿਆ 'ਚ 'ਆਜ਼ਾਦ ਕਸ਼ਮੀਰ' ਨੂੰ ਲੈ ਕੇ ਸਵਾਲ ਪੁੱਛੇ ਗਏ ਹਨ, ਜਿਸ 'ਤੇ ਲੋਕਾਂ ਨੇ ਸਖਤ ਨਾਰਾਜ਼ਗੀ ਜਤਾਈ ਹੈ। ਉੱਥੇ ਹੀ ਭਾਜਪਾ ਵੀ ਇਨ੍ਹਾਂ ਸਵਾਲਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ 'ਤੇ ਹਮਲਾਵਰ ਹੋ ਗਈ ਹੈ। ਮੱਧ ਪ੍ਰਦੇਸ਼ ਸਿੱਖਿਆ ਮੰਡਲ ਦੇ ਜਮਾਤ 10ਵੀਂ ਦੇ ਸਮਾਜਿਕ ਵਿਗਿਆਨ ਪ੍ਰੀਖਿਆ ਦੇ ਪੇਪਰ 'ਚ ਪ੍ਰਸ਼ਨ ਨੰਬਰ 4 'ਚ ਸਹੀ ਜੋੜੀ 'ਚ ਮਿਲਾਉਣ ਨੂੰ ਲੈ ਕੇ ਆਜ਼ਾਦ ਕਸ਼ਮੀਰ ਦਾ ਬਦਲ ਦਿੱਤਾ ਗਿਆ ਹੈ, ਉੱਥੇ ਹੀ ਪ੍ਰਸ਼ਨ ਨੰਬਰ 26 'ਚ ਭਾਰਤ ਦੇ ਨਕਸ਼ੇ 'ਚ 'ਆਜ਼ਾਦ ਕਸ਼ਮੀਰ' ਕਿੱਥੇ ਹੈ, ਇਹ ਪੁੱਛਿਆ ਗਿਆ ਹੈ। ਸਵਾਲਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੋਂ ਲੈ ਕੇ ਸਿਆਸੀ ਗਲਿਆਰਿਆਂ 'ਚ ਵੀ ਵਿਵਾਦ ਖੜ੍ਹਾ ਹੋ ਗਿਆ ਹੈ।
ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਪਹਿਲਾਂ ਤੋਂ ਹੀ ਵੱਖਵਾਦੀ ਅੰਦੋਲਨਾਂ ਦਾ ਸਿੱਧੇ ਅਤੇ ਅਸਿੱਧੇ ਸਮਰਥਨ ਕਰਦੀ ਰਹੀ ਹੈ, ਅਜਿਹੇ 'ਚ ਇਸ ਤਰ੍ਹਾਂ ਦੇ ਸਵਾਲਾਂ ਦਾ ਪੁੱਛਿਆ ਜਾਣਾ, ਉਦੋਂ ਹੈਰਾਨ ਨਹੀਂ ਕਰਦਾ, ਜਦੋਂ ਸੂਬੇ 'ਚ ਕਾਂਗਰਸ ਦੀ ਸਰਕਾਰ ਹੈ। ਮੱਧ ਪ੍ਰਦੇਸ਼ ਭਾਜਪਾ ਦੇ ਬੁਲਾਰੇ ਹਿਤੇਸ਼ ਵਾਜਪੇਈ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਵਾਲ ਨਿੰਦਾਯੋਗ ਹਨ। ਉਨ੍ਹਾਂ ਨੇ ਕਿਹਾ,''ਦਿਗਵਿਜੇ ਸਿੰਘ ਵਰਗੇ ਕਾਂਗਰਸ ਨੇਤਾ ਲੰਬੇ ਸਮੇਂ ਤੋਂ ਦੇਸ਼ ਵਿਰੋਧੀ ਬਿਆਨ ਦਿੰਦੇ ਰਹੇ ਹਨ, ਹੁਣ ਉਹ ਸਰਕਾਰ 'ਚ ਹਨ ਤਾਂ ਇਹ ਸਭ ਹੋਣਾ ਹੀ ਹੈ, ਸਾਡੀ ਕੋਸ਼ਿਸ਼ ਹੈ ਕਿ ਜਲਦ ਇਹ ਸਰਕਾਰ ਡਿੱਗੇ, ਜਿਸ ਨਾਲ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ 'ਤੇ ਰੋਕ ਲਗਾਈ ਜਾ ਸਕੇ।''