ਤਲਾਅ 'ਚੋਂ ਮੱਛੀਆਂ ਦੀ ਥਾਂ ਨਿਕਲੇ 500 ਅਤੇ 2000 ਦੇ ਨੋਟ, ਪਿੰਡ 'ਚ ਦਹਿਸ਼ਤ ਦਾ ਮਾਹੌਲ

05/12/2020 11:24:20 AM

ਖੰਡਵਾ— ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੜਕਾਂ 'ਤੇ ਨੋਟ ਖਿਲਰੇ ਹੋਣ ਦੀਆਂ ਖ਼ਬਰਾਂ ਸੁਰਖੀਆਂ 'ਚ ਹਨ। ਅਜਿਹੀਆਂ ਖ਼ਬਰਾਂ ਕਰ ਕੇ ਲੋਕ ਦਹਿਸ਼ਤ ਵਿਚ ਆ ਜਾਂਦੇ ਹਨ। ਦਰਅਸਲ ਕੋਰੋਨਾ ਵਾਇਰਸ ਫੈਲਾਉਣ ਜਾਂ ਸਿਰਫ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਉਦੇਸ਼ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਨੋਟ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਤਾਜ਼ਾ ਮਾਮਲਾ ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲੇ ਦਾ ਹੈ, ਜਿੱਥੇ ਇਕ ਤਲਾਅ 'ਚ ਮੱਛੀਆਂ ਦੀ ਥਾਂ ਨੋਟਾਂ ਨਾਲ ਭਰੀ ਪੋਟਲੀ ਮਿਲੀ। ਦਰਅਸਲ ਮੱਛੀਆਂ ਫੜਨ ਗਏ ਇਕ ਵਿਅਕਤੀ ਨੂੰ ਤਲਾਅ 'ਚੋਂ ਨੋਟਾਂ ਨਾਲ ਭਰੀ ਹੋਈ ਪੋਟਲੀ ਮਿਲੀ। ਪੋਟਲੀ 'ਚ 500 ਅਤੇ 2000 ਦੇ ਨੋਟ ਸਨ। ਇਸ ਦੌਰਾਨ ਕੁਝ ਨੋਟ ਤੇਜ਼ ਹਵਾ ਕਾਰਨ ਆਲੇ-ਦੁਆਲੇ ਦੀਆਂ ਝਾੜੀਆਂ ਵਿਚ ਫਸ ਗਏ।

ਤਲਾਅ ਕਿਨਾਰੇ ਝਾੜੀਆਂ ਵਿਚ ਖਿਲਰੇ ਨੋਟਾਂ ਦੀ ਖ਼ਬਰ ਪਿੰਡ 'ਚ ਅੱਗ ਵਾਂਗ ਫੈਲ ਗਈ। ਜਿਸ ਤੋਂ ਬਾਅਦ ਤਲਾਅ ਕਿਨਾਰੇ ਭੀੜ ਜਮਾਂ ਹੋ ਗਈ। ਇਸ ਦੀ ਸੂਚਨਾ ਪਿੰਡ ਵਾਸੀਆਂ ਨੇ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਨੋਟਾਂ ਨੂੰ ਸੈਨੇਟਾਈਜ਼ ਕਰ ਕੇ ਜ਼ਬਤ ਕਰ ਲਿਆ। ਪਿੰਡ ਵਾਸੀਆਂ ਮੁਤਾਬਕ ਸੋਮਵਾਰ ਸਵੇਰੇ ਇਕ ਵਾਹਨ ਚਾਲਕ ਤਲਾਅ ਕਿਨਾਰੇ ਕੁਝ ਸੁੱਟ ਕੇ ਚਲਾ ਗਿਆ। ਜਿਸ ਨੂੰ ਸਵੇਰ ਦੀ ਸਵੇਰ ਕਰਨ ਨਿਕਲੇ ਇਕ ਵਿਅਕਤ ਨੇ ਦੇਖਿਆ ਸੀ ਪਰ ਉਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਤਲਾਅ ਕਿਨਾਰੇ ਭੀੜ ਲੱਗੀ ਦੇਖ ਕੇ ਉਕਤ ਵਿਅਕਤੀ ਜਦੋਂ ਵਾਪਸ ਪਰਤਿਆ ਤਾਂ ਉਸ ਤੋਂ ਪਤਾ ਲੱਗਾ ਕਿ ਕੋਈ ਕੱਪੜੇ ਵਿਚ ਰੁਪਏ ਨੂੰ ਲਪੇਟ ਕੇ ਸੁੱਟ ਗਿਆ ਹੈ। ਓਧਰ ਮੱਛੀਆਂ ਫੜਨ ਗਏ ਵਿਅਕਤੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹ੍ਹਾਂ ਦੇ ਬੇਟੇ ਨੂੰ ਤਲਾਅ 'ਚੋਂ ਪੋਟਲੀ ਮਿਲੀ, ਜਿਸ 'ਚੋਂ ਉਹ ਕੁਝ ਨੋਟ ਚੁੱਕ ਕੇ ਘਰ ਲੈ ਗਿਆ, ਜਿਸ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਪੁਲਸ ਤਲਾਅ 'ਚ ਨੋਟ ਸੁੱਟੇ ਜਾਣ ਵਾਲੇ ਵਿਅਕਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਮਗਰੋਂ ਪਿੰਡ ਦੇ ਲੋਕ ਡਰੇ ਹੋਏ ਹਨ।


Tanu

Content Editor

Related News