ਕੋਰੋਨਾ : ਲਖਨਊ 'ਚ ਮਰੀਜ਼ਾਂ ਦੀ ਨਿਗਰਾਨੀ ਕਰ ਰਹੇ ਡਾਕਟਰ ਆਏ ਵਾਇਰਸ ਦੀ ਲਪੇਟ 'ਚ
Thursday, Mar 19, 2020 - 01:33 PM (IST)
ਲਖਨਊ— ਲਖਨਊ ਦੇ ਕਿੰਗ ਜਾਰਜ ਮੈਡੀਕਲ ਕਾਲਜ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਇਲਾਜ 'ਚ ਲੱਗੀ ਡਾਕਟਰਾਂ ਦੀ ਟੀਮ ਦੇ 2 ਮੈਂਬਰਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਮਿਲੇ ਹਨ। ਇਸ ਟੀਮ ਦੇ ਸਾਰੇ ਮੈਂਬਰਾਂ ਨੂੰ ਫਿਲਹਾਲ ਮੈਡੀਕਲ ਨਿਗਰਾਨੀ 'ਚ ਰੱਖਿਆ ਗਿਆ ਹੈ। ਉੱਥੇ ਹੀ ਸ਼ੱਕੀ ਦੋਵੇਂ ਡਾਕਟਰਾਂ ਨੂੰ ਆਈਸੋਲੇਸ਼ਨ ਵਾਰਡ 'ਚ ਭਰਤੀ ਕਰਵਾਇਆ ਗਿਆ ਹੈ। ਕਿੰਗ ਜਾਰਜ ਮੈਡੀਕਲ ਕਾਲਜ ਦੇ ਇਨ੍ਹਾਂ ਡਾਕਟਰਾਂ ਤੋਂ ਇਲਾਵਾ ਇਕ ਹੋਰ ਡਾਕਟਰ ਦੇ ਵੀ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ। ਲਖਨਊ ਦੇ ਇਨ੍ਹਾਂ ਦੋਹਾਂ ਮਾਮਲਿਆਂ ਨਾਲ ਯੂ.ਪੀ. 'ਚ ਕੋਰੋਨਾ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ 21 ਤੱਕ ਪਹੁੰਚ ਗਈ ਹੈ।
ਸੂਤਰਾਂ ਅਨੁਸਾਰ, ਇਹ ਦੋਵੇਂ ਡਾਕਟਰ ਕੈਨੇਡਾ ਤੋਂ ਆਈ ਇਕ ਔਰਤ ਅਤੇ ਉਸ ਦੇ ਰਿਸ਼ਤੇਦਾਰ ਦੇ ਇਨਫੈਕਟਡ ਹੋਣ ਤੋਂ ਬਾਅਦ ਉਸ ਦੀ ਨਿਗਰਾਨੀ ਕਰ ਰਹੇ ਸਨ। ਬੁੱਧਵਾਰ-ਵੀਰਵਾਰ ਦੀ ਰਾਤ ਇਨ੍ਹਾਂ ਦੋਹਾਂ ਦੀ ਸਿਹਤ ਖਰਾਬ ਹੋਣ ਤੋਂ ਬਾਅਦ ਇਨ੍ਹਾਂ ਨੂੰ ਆਈਸੋਲੇਕਸ਼ਨ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ।