ਮਾਈਕ੍ਰੋਸਾਫਟ ਦੇ ਸਰਵਰ ’ਚ ਆਈ ਗੜਬੜੀ ਕਾਰਨ ਪੂਰੀ ਦੁਨੀਆ ’ਚ ਅਰਬਾਂ ਰੁਪਏ ਦਾ ਨੁਕਸਾਨ
Sunday, Jul 21, 2024 - 03:12 PM (IST)
ਨਵੀਂ ਦਿੱਲੀ (ਇੰਟ.) - ਮਾਈਕ੍ਰੋਸਾਫਟ ਦੇ ਸਰਵਰ ’ਚ ਆਈ ਗੜਬੜੀ ਨੂੰ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਹ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਉੱਥੇ ਹੀ, ਇਸ ਗੜਬੜ ਕਾਰਨ ਪੂਰੀ ਦੁਨੀਆ ’ਚ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਇਕੱਲੇ ਮਾਈਕ੍ਰੋਸਾਫਟ ਨੂੰ ਹੀ ਲੱਗਭਗ 50 ਅਰਬ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉੱਥੇ ਹੀ, ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਨੁਕਸਾਨ ਖਰਬਾਂ ਰੁਪਏ ਦਾ ਹੈ।
ਇਕ ਮੀਡੀਆ ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਨੂੰ ਸਰਵਰ ’ਚ ਗੜਬੜੀ ਤੋਂ ਬਾਅਦ ਕੁਝ ਹੀ ਘੰਟਿਆਂ ’ਚ 18 ਬਿਲੀਅਨ ਡਾਲਰ (ਲੱਗਭਗ 15 ਖਰਬ ਰੁਪਏ) ਦਾ ਨੁਕਸਾਨ ਝੱਲਣਾ ਪਿਆ। ਹਾਲਾਂਕਿ ਸਟੀਕ ਅੰਕੜਾ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਇਸ ਸਮੱਸਿਆ ਦੇ ਦੂਰ ਹੋਣ ’ਤੇ ਹੀ ਨੁਕਸਾਨ ਦੀ ਤਸਵੀਰ ਕੁੱਝ ਸਾਫ਼ ਹੋ ਸਕੇਗੀ। ਉੱਥੇ ਹੀ, ਦੂਜੇ ਪਾਸੇ ਇਸ ਦਾ ਅਸਰ ਸ਼ਨੀਵਾਰ ਨੂੰ ਵੀ ਵਿਖਾਈ ਦਿੱਤਾ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਕਿਹਾ- ਨਾਰਮਲ ਹੋਏ ਏਅਰਲਾਈਨ ਸਿਸਟਮ
ਏਅਰਪੋਰਟਸ ’ਤੇ ਸਾਰੇ ਏਅਰਲਾਈਨਸ ਸਿਸਟਮ ਨੇ ਸੁਚਾਰੂ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਸ਼ਨੀਵਾਰ ਨੂੰ ਦਿੱਤੀ। ਮੰਤਰਾਲਾ ਨੇ ਕਿਹਾ ਕਿ ਸਵੇਰੇ 3 ਵਜੇ ਤੋਂ ਏਅਰਪੋਰਟਸ ’ਤੇ ਏਅਰਲਾਈਨ ਸਿਸਟਮ ਨੇ ਆਮ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਡਾਣ ਸੰਚਾਲਨ ਹੁਣ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਹਾਲਾਂਕਿ ਕੱਲ ਦੀ ਗੜਬੜੀ ਕਾਰਨ ਕੁੱਝ ਬੈਕਲਾਗ ਹੈ ਪਰ ਇਸ ਨੂੰ ਹੌਲੀ-ਹੌਲੀ ਦੂਰ ਕੀਤਾ ਜਾ ਰਿਹਾ ਹੈ।
ਪੂਰੀ ਦੁਨੀਆ ’ਚ 5000 ਉਡਾਣਾਂ ਹੋਈਆਂ ਰੱਦ
ਸ਼ੁੱਕਰਵਾਰ ਨੂੰ ਆਈ ਇਸ ਗਡ਼ਬਡ਼ੀ ਕਾਰਨ ਪੂਰੀ ਦੁਨੀਆ ਦੇ ਏਅਰਪੋਰਟਸ ’ਤੇ ਉਡਾਣਾਂ ਰੁਕ ਜਿਹੀਆਂ ਗਈਆਂ ਸਨ। ਲੱਗਭਗ 5000 ਉਡਾਣਾਂ ਰੱਦ ਹੋਈਆਂ। ਭਾਰਤ ’ਚ 300 ਤੋਂ ਜ਼ਿਆਦਾ ਉਡਾਣਾਂ ਰੱਦ ਹੋਈਆਂ। ਇਸ ’ਚ ਇਕੱਲੇ ਇੰਡੀਗੋ ਦੀਆਂ ਹੀ 250 ਤੋਂ ਵੱਧ ਉਡਾਣਾਂ ਸ਼ਾਮਲ ਸਨ।
ਸਪਾਈਸਜੈੱਟ ਦੀ ਕੋਈ ਵੀ ਫਲਾਈਟ ਰੱਦ ਨਹੀਂ ਹੋਈ। ਇਸ ਨੂੰ ਲੈ ਕੇ ਏਅਰਲਾਈਨਸ ਵੱਲੋਂ ਐਕਸ ’ਤੇ ਪੋਸਟ ਵੀ ਕੀਤੀ ਗਈ ਹੈ। ਸ਼ਨੀਵਾਰ ਨੂੰ ਅਜੇ ਕਿਸੇ ਵੀ ਏਅਰਲਾਈਨਸ ਦੀ ਉਡਾਣ ਰੱਦ ਹੋਣ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਏਅਰਲਾਈਨਸ ਕੰਪਨੀਆਂ ਨੇ ਯਾਤਰੀਆਂ ਨੂੰ ਕਿਹਾ ਹੈ ਕਿ ਉਹ ਏਅਰਪੋਰਟ ਆਉਣ ਤਾਂ ਵੱਧੂ ਸਮਾਂ ਲੈ ਕੇ ਚੱਲਣ।