ਸ਼੍ਰੀਨਗਰ ''ਚ ਚੋਰਾਂ ਨੇ ਗੁਰਦੁਆਰਾ ਸਾਹਿਬ ''ਤੇ ਬੋਲਿਆ ਧਾਵਾ, ਨਕਦੀ ਲੈ ਕੇ ਹੋਏ ਫਰਾਰ
Saturday, May 30, 2020 - 05:38 PM (IST)
ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸਥਿਤ ਇਕ ਗੁਰਦੁਆਰਾ ਸਾਹਿਬ 'ਚ ਦਾਨ ਪੇਟੀ 'ਚੋਂ ਨਕਦੀ ਅਤੇ ਕੁਝ ਕੀਮਤੀ ਸਾਮਾਨ ਚੋਰਾਂ ਨੇ ਚੋਰੀ ਕਰ ਲਿਆ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਖਿਲ ਭਾਰਤੀ ਸਿੱਖ ਤਾਲਮੇਲ ਕਮੇਟੀ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਤੁਰੰਤ ਕਾਰਵਾਈ ਕਰਨ ਅਤੇ ਚੋਰਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਓਧਰ ਗੁਰਦੁਆਰਾ 'ਚ ਲੱਗੇ ਕੈਮਰਿਆਂ 'ਚ ਚੋਰਾਂ ਦੀ ਸਾਰੀ ਹਰਕਤ ਕੈਦ ਹੋ ਗਈ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸ਼੍ਰੀਨਗਰ ਦੇ ਜਵਾਹਰ ਨਗਰ ਵਿਚ ਕਾਲਵੀ ਧਰ ਗੁਰਦੁਆਰਾ ਸਾਹਿਬ 'ਚ ਦੋ ਚੋਰ ਦਾਖਲ ਹੋ ਗਏ ਅਤੇ ਦਾਨ ਪੇਟੀ 'ਚੋਂ ਕਰੀਬ ਦੋ ਲੱਖ ਰੁਪਏ ਅਤੇ ਕੁਝ ਹੋਰ ਕੀਮਤੀ ਸਾਮਾਨ ਲੁੱਟ ਕੇ ਫਰਾਰ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਪੁਲਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ, ਜਦੋਂ ਗੁਰਦੁਆਰਾ ਸਾਹਿਬ ਵਿਚ ਅਧਿਕਾਰੀਆਂ ਨੇ ਪ੍ਰਵੇਸ਼ ਦੁਆਰ 'ਤੇ ਤਾਲਾ ਟੁੱਟਿਆ ਦੇਖਿਆ। ਪੁਲਸ ਨੇ ਇਸ ਬਾਬਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਦਾਨ ਪੇਟੀ 'ਚ ਦੋ ਲੱਖ ਰੁਪਏ ਦੀ ਰਾਸ਼ੀ ਸੀ, ਜਿਸ ਨੂੰ ਚੋਰ ਲੈ ਕੇ ਫਰਾਰ ਹੋ ਗਏ। ਓਧਰ ਕਮੇਟੀ ਦੇ ਪ੍ਰਧਾਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।