ਲੋਕਾਯੁਕਤ ਪਹੁੰਚੇ ਕਪਿਲ ਮਿਸ਼ਰਾ, 400 ਕਰੋੜ ਦੇ ਘਪਲਿਆਂ ਦੀ ਦਿੱਤੀ ਜਾਣਕਾਰੀ

05/25/2017 2:53:36 PM

ਨਵੀਂ ਦਿੱਲੀ—ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਤੋਂ ਬਰਖਾਸਤ ਕਪਿਲ ਮਿਸ਼ਰਾ ਵੀਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਆਪਣਾ ਬਿਆਨ ਦਰਜ ਕਰਵਾਉਣ ਲੋਕਾਯੁਕਤ ਕੋਰਟ ਪਹੁੰਚੇ। ਕਪਿਲ ਦੇ ਦੋਸ਼ਾਂ ਦੇ ਬਾਅਦ ਇਕ ਵਕੀਲ ਨੇ 9 ਮਈ ਨੂੰ ਲੋਕਾਯੁਕਤ 'ਚ ਸ਼ਿਕਾਇਤ ਦਰਜ ਕਰਾ ਕੇ ਅਰਵਿੰਦ ਕੇਜਰੀਵਾਲ ਅਤੇ ਸਤੇਂਦਰ ਜੈਨ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਸੀ, ਜਿਸ ਦੇ ਬਾਅਦ ਕਪਿਲ ਦਾ ਬਿਆਨ ਲਿਆ ਗਿਆ। ਸਾਬਕਾ ਮੰਤਰੀ ਨੇ ਲੋਕਾਯੁਕਤ ਰੇਵਾ ਖੇਤਰਪਾਲ ਨੂੰ ਦੱਸਿਆ ਕਿ ਇਸ ਮਾਮਲੇ 'ਚ ਉਹ ਸੀ.ਬੀ.ਆਈ. 'ਚ ਸ਼ਿਕਾਇਤ ਕਰ ਚੁੱਕੇ ਹਨ। ਇਸ ਲਈ ਉਹ ਸੰਵੇਦਨਸ਼ੀਲ ਦਸਤਖਤ ਅਤੇ ਜਾਣਕਾਰੀ ਸਿਰਫ ਸੀ.ਬੀ.ਆਈ. ਨੂੰ ਹੀ ਦੇਣਾ ਚਾਹੁੰਦੇ ਹਨ।
ਕਪਿਲ ਨੇ ਲੋਕਾਯੁਕਤ ਨਾਲ ਆਪ ਨੇਤਾਵਾਂ ਦੀ ਵਿਦੇਸ਼ ਯਾਤਰਾਵਾਂ ਦਾ ਖਰਚ ਜਾਣਨ ਦੀ ਗੁਜਾਰਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਜੈ ਸਿੰਘ, ਆਸ਼ੀਸ਼ ਖੇਤਾਨ, ਦੁਰਗੇਸ਼ ਪਾਠਕ, ਸਤੇਂਦਰ ਜੈਨ ਅਤੇ ਰਾਘਵ ਚੱਡਾ ਦੀ 3 ਸਾਲ ਦੀ ਵਿਦੇਸ਼ ਯਾਤਰਾ ਦੇ ਖਰਚ ਦਾ ਬਿਓਰਾ ਮੰਗਿਆ ਜਾਵੇ। ਉਨ੍ਹਾਂ ਨੇ ਜਲ ਬੋਰਡ 'ਚ 400 ਕਰੋੜ ਦੇ ਘਪਲੇ ਦੇ ਬਾਰੇ 'ਚ ਵੀ ਦੱਸਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼ੀਲਾ ਦੀਕਸ਼ਿਤ ਦੇ ਕਾਰਜਕਾਲ 'ਚ ਵੱਡਾ ਘਪਲਾ ਹੋਇਆ, ਜਿਸ 'ਤੇ ਕੇਜਰੀਵਾਲ ਸਰਕਾਰ ਨੇ ਪਰਦਾ ਪਾਇਆ। ਸਾਬਕਾ ਮੰਤਰੀ ਨੇ ਫਰਜੀ ਕੰਪਨੀ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਹੇਰਾ-ਫੇਰੀ ਦਾ ਦਾਅਵਾ ਕੀਤਾ।
ਲੋਕਾਯੁਕਤ ਨੇ ਕਪਿਲ ਤੋਂ ਪੁੱਛਿਆ ਕਿ ਜਿਸ ਸਮੇਂ ਤੁਸੀਂ ਕੇਜਰੀਵਾਲ ਨੂੰ ਸਤੇਂਦਰ ਜੈਨ ਤੋਂ 2 ਕਰੋੜ ਰੁਪਏ ਲੈਂਦੇ ਦੇਖਿਆ, ਕੀ ਤੁਹਾਡੇ ਨਾਲ ਕੋਈ ਹੋਰ ਵੀ ਸੀ? ਇਸ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਦਾ ਮੈਂ ਅਜੇ ਖੁਲਾਸਾ ਨਹੀਂ ਕਰ ਸਕਦਾ, ਕਿਉਂਕਿ ਇਸ ਨਾਲ ਸਬੂਤ ਨਸ਼ਟ ਹੋਣ ਦਾ ਖਤਰਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਹਾਊਸ ਤੋਂ ਪਿਛਲੇ 6 ਮਹੀਨੇ ਦੀ ਸੀ.ਸੀ.ਟੀ.ਵੀ. ਫੋਟੋ ਸੀਜ ਕਰਾ ਦਿੱਤੀ ਜਾਵੇ ਤਾਂ ਇਸ ਗੱਲ ਦਾ ਖੁਲਾਸਾ ਕਰ ਸਕਦੇ ਹਨ ਕਿ 2 ਕਰੋੜ ਦਾ ਲੈਣ-ਦੇਣ ਕਿਹੜੇ ਦਿਨ ਅਤੇ ਕਿਹੜੇ ਸਮੇਂ ਹੋਇਆ।


Related News