ਹਰਿਆਣਾ ਦੇ ਚੋਣ ਨਤੀਜੇ ਤੈਅ ਕਰਨਗੇ, ਕਿਸਦੇ ਹੱਥ ਹੋਵੇਗੀ ਵਿਧਾਨ ਸਭਾ ਚੋਣਾਂ ਦੀ ਕਮਾਨ!
Saturday, May 25, 2024 - 11:11 PM (IST)
ਅੰਬਾਲਾ, (ਸੁਮਨ ਭਟਨਾਗਰ)- ਲੋਕ ਸਭਾ ਚੋਣਾਂ ਦੀ ਸਮਾਪਤੀ ਦੇ ਨਾਲ ਹੀ ਅਗਲੇ ਕੁਝ ਮਹੀਨਿਆਂ ’ਚ ਹੋਣ ਵਾਲੀਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਜੇਕਰ ਭਾਜਪਾ ਲੋਕ ਸਭਾ ਚੋਣਾਂ ’ਚ 2019 ਵਰਗਾ ਪ੍ਰਦਰਸ਼ਨ ਦੁਹਰਾਉਣ ’ਚ ਸਫਲ ਹੋ ਜਾਂਦੀ ਹੈ ਤਾਂ ਇਸ ਦਾ ਸਿਹਰਾ ਨਿਸ਼ਚਿਤ ਤੌਰ ’ਤੇ ਮੋਦੀ ਨੂੰ ਤਾਂ ਜਾਵੇਗਾ ਹੀ, ਨਾਲ-ਨਾਲ ਚੋਣਾਂ ਦੌਰਾਨ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦਾ ਦਿੱਲੀ ’ਚ ਸਿਆਸੀ ਕੱਦ ਵੀ ਵਧੇਗਾ ਅਤੇ ਸੰਭਾਵਨਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੋਵਾਂ ਦਿੱਗਜਾਂ ਦੇ ਚਿਹਰੇ ਨੂੰ ਸਾਹਮਣੇ ਰੱਖ ਕੇ ਲੜੀਆਂ ਜਾਣਗੀਆਂ।
ਹਾਲਾਂਕਿ, ਹਰਿਆਣਾ ’ਚ ਭਾਜਪਾ ਉਮੀਦਵਾਰਾਂ ਲਈ ਚੋਣ ਪ੍ਰਚਾਰ ’ਚ ਨਰਿੰਦਰ ਮੋਦੀ, ਜੇ. ਪੀ. ਨੱਡਾ, ਯੋਗੀ ਆਦਿੱਤਿਆਨਾਥ, ਰਾਜਨਾਥ ਸਿੰਘ, ਨਿਤਿਨ ਗਡਕਰੀ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਕਈ ਮੁੱਖ ਮੰਤਰੀ ਆਏ ਉਨ੍ਹਾਂ ਦਾ ਪਾਰਟੀ ਉਮੀਦਵਾਰਾਂ ਨੂੰ ਨੂੰ ਫਾਇਦਾ ਵੀ ਹੋਇਆ ਪਰ ਮਨੋਹਰ ਲਾਲ ਅਤੇ ਨਾਇਬ ਸੈਣੀ ਨੇ ਵੀ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਉਮੀਦਵਾਰਾਂ ਦਾ ਪ੍ਰਚਾਰ ਕਰਨ ਲਈ ਕੁਝ ਥਾਵਾਂ ’ਤੇ ਕਿਸਾਨਾਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰਦਿਆਂ ਦਿਨ-ਰਾਤ ਇਕ ਕਰ ਦਿੱਤਾ। ਉਨ੍ਹਾਂ ਨੇ ਸੂਬੇ ਦੀਆਂ ਸਾਰੀਆਂ 90 ਵਿਧਾਨ ਸਭਾਵਾਂ ਅਤੇ ਕਸਬਿਆਂ ਵਿਚ ਵਰਕਰਾਂ ਦੀਆਂ ਰੈਲੀਆਂ ਅਤੇ ਮੀਟਿੰਗਾਂ ਕਰ ਕੇ ਪਾਰਟੀ ’ਚ ਨਵੀਂ ਊਰਜਾ ਅਤੇ ਜੋਸ਼ ਭਰਨ ਦਾ ਕੰਮ ਕੀਤਾ। ਇਸ ਦਾ ਫਾਇਦਾ ਇਹ ਵੀ ਹੋਇਆ ਕਿ ਪਾਰਟੀ ਵਰਕਰ ਸਾਬਕਾ ਮੁੱਖ ਮੰਤਰੀ ਦੇ ਨਾਲ-ਨਾਲ ਮੌਜੂਦਾ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੋਂ ਵੀ ਜਾਣੂ ਹੋ ਗਏ ਅਤੇ ਮੁੱਖ ਮੰਤਰੀ ਨਿਵਾਸ ਸੰਤ ਕਬੀਰ ਕੁਟੀਰ ਤੱਕ ਉਨ੍ਹਾਂ ਦੀ ਪਹੁੰਚ ਆਸਾਨ ਹੋ ਗਈ।
ਇਨ੍ਹਾਂ ਚੋਣਾਂ ’ਚ ਇਕ ਨਿਰਾਸ਼ਾਜਨਕ ਗੱਲ ਇਹ ਰਹੀ ਕਿ ਪ੍ਰਦੇਸ਼ ਭਾਜਪਾ ਦੇ ਕਈ ਵੱਡੇ ਚਿਹਰੇ ਆਪਣੇ ਖੇਤਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ। ਪਾਰਟੀ ਹਾਈ ਕਮਾਂਡ ਨੇ ਵੀ ਖੱਟਰ ਅਤੇ ਸੈਣੀ ਦੀ ਫੀਡਬੈਕ ਅਤੇ ਸਲਾਹ ਦੇ ਆਧਾਰ ’ਤੇ ਵੱਡੇ ਚੋਣ ਫੈਸਲੇ ਲਏ ਅਤੇ ਇਕ ਤਰ੍ਹਾਂ ਨਾਲ ਸੂਬਾ ਭਾਜਪਾ ਦੀ ਕਮਾਨ ਉਨ੍ਹਾਂ ਨੂੰ ਸੌਂਪ ਦਿੱਤੀ। ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਲਈ ਅੰਬਾਲਾ ਛਾਉਣੀ ਨੂੰ ਛੱਡ ਕੇ ਕਿਤੇ ਨਹੀਂ ਗਏ। ਇਸੇ ਤਰ੍ਹਾਂ ਓਮ ਪ੍ਰਕਾਸ਼ ਧਨਖੜ, ਕੈਪਟਨ ਅਭਿਮੰਨਿਊ ਅਤੇ ਰਾਮ ਬਿਲਾਸ ਸ਼ਰਮਾ ਵਰਗੇ ਵੱਡੇ ਕੱਦ ਦੇ ਨੇਤਾਵਾਂ ਨੂੰ ਵੀ ਇਨ੍ਹਾਂ ਚੋਣਾਂ ’ਚ ਬਹੁਤੀ ਅਹਿਮੀਅਤ ਨਹੀਂ ਦਿੱਤੀ ਗਈ। ਆਮ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਸਾਰੇ ਦਿੱਗਜਾਂ ਨੂੰ ਇਕਜੁੱਟ ਹੋਣਾ ਪਵੇਗਾ। ਇਸ ਚੋਣ ’ਚ ਕੇਂਦਰ ਦੀ ਨਹੀਂ, ਸਗੋਂ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੀ ਪਰਖ ਹੋਵੇਗੀ।