ਲੋਕ ਸਭਾ ਚੋਣਾਂ ਦਾ ਚੌਥਾ ਗੇੜ ਅੱਜ, 72 ਸੀਟਾਂ 'ਤੇ ਹੋ ਰਹੀ ਹੈ ਵੋਟਿੰਗ

04/29/2019 7:58:29 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਚੌਥੇ ਗੇੜ 'ਚ ਅੱਜ 9 ਸੂਬਿਆਂ ਦੀਆਂ 72 ਸੰਸਦੀ ਸੀਟਾਂ 'ਤੇ ਵੋਟਾਂ ਹੋ ਰਹੀਆਂ ਹਨ। ਇਨ੍ਹਾਂ 'ਚ ਮਹਾਰਾਸ਼ਟਰ ਦੀਆਂ 17, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ 13-13, ਪੱਛਮੀ ਬੰਗਾਲ ਦੀਆਂ 8 , ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੀਆਂ 6-6, ਬਿਹਾਰ ਦੀਆਂ 5 ਅਤੇ ਝਾਰਖੰਡ ਦੀਆਂ 3 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਜੰਮੂ-ਕਸ਼ਮੀਰ ਦੀ ਅਨੰਤਨਾਗ ਸੀਟ 'ਤੇ ਵੀ ਵੋਟਿੰਗ ਜਾਰੀ ਹੈ। ਅਨੰਤਨਾਗ ਸੀਟ 'ਤੇ 3 ਗੇੜਾਂ 'ਚ ਵੋਟਿੰਗ ਕਰਵਾਈ ਜਾ ਰਹੀ ਹੈ।

 

ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਲਈ ਚੋਣਾਂ ਦਾ ਇਹ ਗੇੜ ਬਹੁਤ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਇਨ੍ਹਾਂ ਨੂੰ 72 'ਚੋਂ 56 ਸੀਟਾਂ 'ਤੇ ਜਿੱਤ ਮਿਲੀ ਸੀ ਅਤੇ ਬਾਕੀ ਬਚੀਆਂ 16 ਸੀਟਾਂ 'ਚੋਂ 2 'ਤੇ ਕਾਂਗਰਸ ਨੂੰ ਜਿੱਤ ਮਿਲੀ ਸੀ ਜਦਕਿ ਤ੍ਰਿਣਮੂਲ ਕਾਂਗਰਸ ਨੂੰ 6 ਅਤੇ ਬੀਜਦ ਨੂੰ 6 ਸੀਟਾਂ ਮਿਲੀਆਂ ਸਨ। ਚੌਥੇ ਗੇੜ 'ਚ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ, ਪ੍ਰਕਾਸ਼ ਜਾਯਸਵਾਲ , ਯੂ. ਪੀ. ਦੇ ਕੈਬਨਿਟ ਮੰਤਰੀ ਸਤਯਦੇਵ ਪਚੌਰੀ, ਸਪਾ ਦੀ ਡਿੰਪਲ ਯਾਦਵ, ਸਾਕਸ਼ੀ ਮਹਾਰਾਜ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਵਿਭਾਗ ਦੇ ਪ੍ਰਧਾਨ ਰਾਮਸ਼ੰਕਰ ਕਠੇਰੀਆ ਵਰਗੇ ਰਾਜਨੀਤਕ ਦਿੱਗਜਾਂ ਦੀ ਸਾਖ ਦਾਅ 'ਤੇ ਲੱਗੀ ਹੈ।

PunjabKesari

ਉੱਤਰ ਪ੍ਰਦੇਸ਼ 'ਚ ਸੋਮਵਾਰ ਨੂੰ ਜਿਨ੍ਹਾਂ 13 ਸੀਟਾਂ 'ਤੇ ਚੋਣਾਂ ਹੋ ਰਹੀਆਂ ਹਨ, ਉਨ੍ਹਾਂ 'ਚੋਂ ਜ਼ਿਆਦਾਤਰ 'ਤੇ ਭਾਜਪਾ ਅਤੇ ਐੱਸ. ਪੀ. - ਬੀ. ਐੱਸ. ਪੀ. ਗਠਜੋੜ ਵਿਚਕਾਰ ਸਿੱਧੀ ਟੱਕਰ ਹੈ। ਕਨੌਜ ਸੀਟ ਐੱਸ. ਪੀ. ਲਈ ਵੱਕਾਰ ਦਾ ਸਵਾਲ ਹੈ ਕਿਉਂਕਿ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਇਸ ਸੀਟ 'ਤੇ ਉਮੀਦਵਾਰ ਹੈ। ਸਾਲ 2014 'ਚ ਭਾਜਪਾ ਨੇ ਇਨ੍ਹਾਂ 13 ਸੀਟਾਂ 'ਚੋਂ 12 'ਤੇ ਜਿੱਤ ਦਰਜ ਕੀਤੀ ਸੀ।

ਬਿਹਾਰ 'ਚ ਜਿਨ੍ਹਾਂ 5 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਣੀ ਹੈ, ਉਹ ਸਾਰੀਆਂ ਸੀਟਾਂ ਭਾਜਪਾ ਅਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਕੋਲ ਹਨ। ਇਸ ਵਾਰ ਭਾਜਪਾ ਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆਂ ਨੂੰ ਆਰ. ਜੇ. ਡੀ.-ਕਾਂਗਰਸ ਗਠਜੋੜ ਤੋਂ ਚੰਗੀ ਚੁਣੌਤੀ ਮਿਲਦੀ ਦਿਖਾਈ ਦੇ ਰਹੀ ਹੈ।


Related News