ਲੋਕ ਸਭਾ ਚੋਣਾਂ 2024 : ਪਹਿਲੇ ਪੜਾਅ ’ਚ 60 ਫ਼ੀਸਦੀ ਤੋਂ ਵੱਧ ਵੋਟਿੰਗ, ਜਾਣੋ ਕਿਹੜੇ ਸੂਬੇ ’ਚ ਪਈਆਂ ਸਭ ਤੋਂ ਵੱਧ ਵੋਟਾ

Saturday, Apr 20, 2024 - 06:05 AM (IST)

ਲੋਕ ਸਭਾ ਚੋਣਾਂ 2024 : ਪਹਿਲੇ ਪੜਾਅ ’ਚ 60 ਫ਼ੀਸਦੀ ਤੋਂ ਵੱਧ ਵੋਟਿੰਗ, ਜਾਣੋ ਕਿਹੜੇ ਸੂਬੇ ’ਚ ਪਈਆਂ ਸਭ ਤੋਂ ਵੱਧ ਵੋਟਾ

ਨੈਸ਼ਨਲ ਡੈਸਕ– ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਕੁਲ 102 ਹਲਕਿਆਂ ਲਈ ਸ਼ੁੱਕਰਵਾਰ ਨੂੰ 60 ਫ਼ੀਸਦੀ ਤੋਂ ਵੱਧ ਵੋਟਿੰਗ ਹੋਈ। ਕੁਲ 543 ਲੋਕ ਸਭਾ ਸੀਟਾਂ ਲਈ 7 ਪੜਾਵਾਂ ’ਚ ਕਰਵਾਈਆਂ ਜਾ ਰਹੀਆਂ ਚੋਣਾਂ ਦੇ ਪਹਿਲੇ ਪੜਾਅ ’ਚ ਸ਼ੁੱਕਰਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਈ।

ਇਨ੍ਹਾਂ ਸੀਟਾਂ ’ਤੇ ਕੁਲ 16.63 ਕਰੋੜ ਵੋਟਰਾਂ ਨੇ ਕੁਲ 1625 ਉਮੀਦਵਾਰਾਂ ’ਚੋਂ ਚੋਣ ਕਰਨੀ ਸੀ। ਚੋਣ ਕਮਿਸ਼ਨ ਤੋਂ ਸ਼ਾਮ 7 ਵਜੇ ਤੱਕ ਮਿਲੇ ਅੰਕੜਿਆਂ ਮੁਤਾਬਕ ਪਹਿਲੇ ਪੜਾਅ ’ਚ ਵੋਟਾਂ ਪਾਉਣ ਵਾਲੇ ਵੋਟਰਾਂ ਦਾ ਅਨੁਪਾਤ ਸਭ ਤੋਂ ਵੱਧ ਤ੍ਰਿਪੁਰਾ ’ਚ 79.90 ਫ਼ੀਸਦੀ ਰਿਹਾ, ਜਦਕਿ ਬਿਹਾਰ ’ਚ ਸਿਰਫ਼ 47.49 ਫ਼ੀਸਦੀ ਵੋਟਰ ਹੀ ਆਪਣੀ ਵੋਟ ਪਾਉਣ ਲਈ ਸਾਹਮਣੇ ਆਏ। ਕਮਿਸ਼ਨ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਤ੍ਰਿਪੁਰਾ ਦੀ 1 ਸੀਟ ’ਤੇ 79.90 ਫ਼ੀਸਦੀ, ਪੱਛਮੀ ਬੰਗਾਲ ਦੀਆਂ 3 ਸੀਟਾਂ ’ਤੇ 77.57 ਫ਼ੀਸਦੀ, ਮਣੀਪੁਰ ਦੀਆਂ 2 ਸੀਟਾਂ ’ਤੇ 68.62 ਫ਼ੀਸਦੀ, ਮੇਘਾਲਿਆ ਦੀਆਂ 2 ਸੀਟਾਂ ’ਤੇ 70.20 ਫ਼ੀਸਦੀ ਤੇ ਅਸਾਮ ਦੀਆਂ 5 ਸੀਟਾਂ ’ਤੇ 71.38 ਫ਼ੀਸਦੀ ਵੋਟਾਂ ਪਈਆਂ।

ਪੁਡੂਚੇਰੀ ਦੀ 1 ਸੀਟ ’ਤੇ 73.25 ਫ਼ੀਸਦੀ ਵੋਟਰਾਂ ਨੇ ਤੇ ਛੱਤੀਸਗੜ੍ਹ ਦੀ 1 ਸੀਟ ’ਤੇ 63.41 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੀ 1 ਸੀਟ ’ਤੇ 65.08 ਫ਼ੀਸਦੀ, ਮੱਧ ਪ੍ਰਦੇਸ਼ ਦੀਆਂ 5 ਸੀਟਾਂ ’ਤੇ 63.33 ਫ਼ੀਸਦੀ, ਅਰੁਣਾਚਲ ਪ੍ਰਦੇਸ਼ ਦੀਆਂ 2 ਸੀਟਾਂ ’ਤੇ 65.46 ਫ਼ੀਸਦੀ, ਸਿੱਕਮ ਦੀ 1 ਸੀਟ ’ਤੇ 68.06 ਫ਼ੀਸਦੀ ਤੇ ਨਾਗਾਲੈਂਡ ਦੀ 1 ਸੀਟ ’ਤੇ 56.77 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ।

ਇਹ ਖ਼ਬਰ ਵੀ ਪੜ੍ਹੋ : ਜਬਰ-ਜ਼ਿਨਾਹ ਕਰ ਜ਼ਖ਼ਮਾਂ ’ਤੇ ਲਾਈਆਂ ਮਿਰਚਾਂ, ਫੇਵੀਕੁਇੱਕ ਨਾਲ ਜੋੜ ਦਿੱਤੇ ਬੁੱਲ੍ਹ, ਲੜਕੀ ਨੇ ਸੁਣਾਈ ਮੁੰਡੇ ਦੀ ਹੈਵਾਨੀਅਤ

ਮਿਜ਼ੋਰਮ ਦੀ 1 ਸੀਟ ’ਤੇ 54.18 ਫ਼ੀਸਦੀ, ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ’ਤੇ 57.61 ਫ਼ੀਸਦੀ, ਉਤਰਾਖੰਡ ਦੀਆਂ 5 ਸੀਟਾਂ ’ਤੇ 53.64 ਫ਼ੀਸਦੀ, ਅੰਡੇਮਾਨ ਤੇ ਨਿਕੋਬਾਰ ’ਚ 1 ਸੀਟ ’ਤੇ 56.87 ਫ਼ੀਸਦੀ, ਮਹਾਰਾਸ਼ਟਰ ਦੀਆਂ 5 ਸੀਟਾਂ ’ਤੇ 55.29 ਫ਼ੀਸਦੀ, ਲਕਸ਼ਦੀਪ ’ਚ 1 ਸੀਟ ’ਤੇ 59.02 ਫ਼ੀਸਦੀ, ਰਾਜਸਥਾਨ ਦੀਆਂ 12 ਸੀਟਾਂ ’ਤੇ 50.95 ਫ਼ੀਸਦੀ ਤੇ ਤਾਮਿਲਨਾਡੂ ਦੀਆਂ 39 ਸੀਟਾਂ ’ਤੇ 62.19 ਫ਼ੀਸਦੀ ਵੋਟਾਂ ਪਈਆਂ।

ਵੱਖ-ਵੱਖ ਪੋਲਿੰਗ ਸਟੇਸ਼ਨਾਂ ’ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ’ਚ ਵਿਆਹ ਦੇ ਪਹਿਰਾਵੇ ’ਚ ਕਈ ਨਵ-ਵਿਆਹੇ ਜੋੜੇ, ਅਪਾਹਜ ਲੋਕ ਤੇ ਸਟ੍ਰੈਚਰ ਤੇ ਵ੍ਹੀਲਚੇਅਰ ’ਤੇ ਕੁਝ ਬਜ਼ੁਰਗ ਸ਼ਾਮਲ ਸਨ। ਤਾਮਿਲਨਾਡੂ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਨਿਕੋਬਾਰ ਟਾਪੂ ਤੇ ਅਸਾਮ ਦੇ ਕੁਝ ਬੂਥਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐੱਮ.) ’ਚ ਮਾਮੂਲੀ ਨੁਕਸ ਦੱਸੇ ਗਏ ਹਨ।

ਬੰਗਾਲ ’ਚ ਹਿੰਸਾ, ਸ਼ਿਕਾਇਤਾਂ ਦਰਜ
ਪੱਛਮੀ ਬੰਗਾਲ ਦੀ ਕੂਚ ਬਿਹਾਰ ਸੀਟ ’ਤੇ ਹਿੰਸਾ ਕਾਰਨ ਵੋਟਿੰਗ ਪ੍ਰਭਾਵਿਤ ਹੋਈ। ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਵੋਟਿੰਗ ਦੇ ਪਹਿਲੇ ਕੁਝ ਘੰਟਿਆਂ ’ਚ ਚੋਣ ਹਿੰਸਾ, ਵੋਟਰਾਂ ਨੂੰ ਡਰਾਉਣ ਤੇ ਚੋਣ ਏਜੰਟਾਂ ’ਤੇ ਹਮਲਿਆਂ ਸਬੰਧੀ ਕ੍ਰਮਵਾਰ 80 ਤੇ 39 ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਹਿੰਸਾ ਪ੍ਰਭਾਵਿਤ ਮਣੀਪੁਰ ’ਚ ਕਰੀਬ 45.68 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ।

ਮਣੀਪੁਰ ’ਚ ਵੀ ਝਗੜਾ ਹੋਇਆ, ਫੌਜੀ ਜ਼ਖ਼ਮੀ
ਅੰਦਰੂਨੀ ਮਣੀਪੁਰ ਲੋਕ ਸਭਾ ਸੀਟ ਦੇ ਅਧੀਨ ਥੋਂਗਜੂ ਵਿਧਾਨ ਸਭਾ ਹਲਕੇ ’ਚ ਸਥਾਨਕ ਲੋਕਾਂ ਤੇ ਅਣਪਛਾਤੇ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ। ਛੱਤੀਸਗੜ੍ਹ ’ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ’ਚ ਨਕਸਲ ਪ੍ਰਭਾਵਿਤ ਬਸਤਰ ਲੋਕ ਸਭਾ ਸੀਟ ’ਤੇ ਦੁਪਹਿਰ 3 ਵਜੇ ਤੱਕ 58.14 ਫ਼ੀਸਦੀ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਕੇਂਦਰੀ ਰਿਜ਼ਰਵ ਪੁਲਸ ਬਲ (ਸੀ. ਆਰ. ਪੀ. ਐੱਫ.) ਦਾ ਇਕ ਜਵਾਨ ਉਦੋਂ ਜ਼ਖ਼ਮੀ ਹੋ ਗਿਆ, ਜਦੋਂ ਸੂਬੇ ਦੇ ਬੀਜਾਪੁਰ ਜ਼ਿਲੇ ’ਚ ਨਕਸਲੀਆਂ ਵਲੋਂ ਲਾਇਆ ਗਿਆ ਆਈ. ਈ. ਡੀ. ਵਿਸਫੋਟ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News