ਲੋਕ ਸਭਾ ਚੋਣਾਂ 2024: ਕੁਰਸੀ ਦੇ ਮੋਹ ’ਚ ਰਾਜੇ-ਰਜਵਾੜਿਆਂ ਦਾ ਦਲ ਬਦਲ

Sunday, Mar 24, 2024 - 02:47 PM (IST)

ਲੋਕ ਸਭਾ ਚੋਣਾਂ 2024: ਕੁਰਸੀ ਦੇ ਮੋਹ ’ਚ ਰਾਜੇ-ਰਜਵਾੜਿਆਂ ਦਾ ਦਲ ਬਦਲ

ਨੈਸ਼ਨਲ ਡੈਸਕ- ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਭਾਰਤ ’ਚ ਰਾਜਸ਼ਾਹੀ ਰਹੀ ਹੈ ਅਤੇ ਦੇਸ਼ ਵੱਖ-ਵੱਖ ਰਿਆਸਤਾਂ ’ਚ ਵੰਡਿਆ ਹੋਇਆ ਸੀ। ਭਾਰਤ ਦੀਆਂ ਵੱਖ-ਵੱਖ ਰਿਆਸਤਾਂ ਦੇ ਰਾਜਾ ਰਹੇ ਰਜਵਾੜਿਆਂ ਨੇ ਆਜ਼ਾਦੀ ਤੋਂ ਬਾਅਦ ਲੋਕਤੰਤਰੀ ਢੰਗ ਨਾਲ ਸੱਤਾ ਹਾਸਲ ਕਰ ਲਈ। ਦੇਸ਼ ਦੀ ਆਜ਼ਾਦੀ ਦੇ ਬਾਅਦ ਕਈ ਸਾਲਾਂ ਤੱਕ ਕਾਂਗਰਸ ਦਾ ਰਾਜ ਰਿਹਾ, ਇਸ ਲਈ ਰਾਜੇ-ਰਜਵਾੜਿਆਂ ਨੇ ਕਾਂਗਰਸ ’ਚ ਰਹਿ ਕੇ ਸੱਤਾ ਦਾ ਖੂਬ ਮਜ਼ਾ ਲਿਆ ਪਰ ਹੁਣ ਜਿਵੇਂ-ਜਿਵੇਂ ਕਾਂਗਰਸ ਦੇ ਹੱਥ ’ਚੋਂ ਸੱਤਾ ਨਿਕਲ ਰਹੀ ਹੈ, ਇਹ ਰਜਵਾੜੇ ਵੀ ਦਲ ਬਦਲ ਰਹੇ ਹਨ–

ਅਹੁਦੇ ਤੋਂ ਹਟਾਇਆ ਤਾਂ ਭਾਜਪਾ ਦੇ ਹੋਏ 'ਕੈਪਟਨ'

ਪਟਿਆਲਾ ਰਿਆਸਤ ਦੀ ਮਹਾਰਾਣੀ ਰਹੀ ਪ੍ਰਨੀਤ ਕੌਰ ਨੇ ਹਾਲ ਹੀ ’ਚ ਭਾਜਪਾ ਜੁਆਇਨ ਕਰ ਲਈ ਹੈ। ਉਹ 2019 ਦੀ ਚੋਣ ਕਾਂਗਰਸ ਦੀ ਟਿਕਟ ’ਤੇ ਜਿੱਤੀ ਸੀ ਪਰ ਉਨ੍ਹਾਂ ਦੇ ਪਤੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਲੋਂ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ 2022 ’ਚ ਹੀ ਭਾਜਪਾ ਜੁਆਇਨ ਕਰ ਲਈ ਸੀ ਅਤੇ ਹੁਣ ਭਾਜਪਾ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਚੋਣ ਲੜਾਉਣ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: BJP ਨੇ ਚੋਣ ਮੈਦਾਨ 'ਚ ਉਤਾਰੇ 6 ਸਾਬਕਾ ਮੁੱਖ ਮੰਤਰੀ, ਖੱਟੜ ਸਣੇ ਇਹ ਆਗੂ ਲੜਨਗੇ ਚੋਣ

ਪੁੱਤਰ ਮੋਹ ’ਚ ਦਲ ਬਦਲ ਦੀ ਤਿਆਰੀ ’ਚ ਪ੍ਰਤਿਭਾ

ਹਿਮਾਚਲ ’ਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਜਦ ਤੱਕ ਜਿਊਂਦੇ ਰਹੇ ਅਤੇ ਸੂਬੇ ’ਚ ਕਾਂਗਰਸ ਦੀ ਸਰਕਾਰ ਬਣੀ, ਉਦੋਂ ਤੱਕ ਉਨ੍ਹਾਂ ਨੂੰ ਸੀ. ਐੱਮ. ਬਣਾ ਕੇ ਰੱਖਿਆ ਗਿਆ ਅਤੇ ਉਹ ਕੇਂਦਰ ’ਚ ਮੰਤਰੀ ਵੀ ਰਹੇ ਪਰ ਕਾਂਗਰਸ ਨੇ ਜਦ ਦੂਜੇ ਨੇਤਾ ਨੂੰ ਮੌਕਾ ਦਿੱਤਾ ਤਾਂ ਉਨ੍ਹਾਂ ਦੀ ਪਤਨੀ ਅਤੇ ਬੇਟਾ ਦੋਵੇਂ ਮਿਲ ਕੇ ਸਰਕਾਰ ਡੇਗਣ ’ਚ ਲੱਗੇ ਹਨ। ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਨੇ ਮੰਡੀ ਸੀਟ ਤੋਂ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਅਤੇ ਦਲ ਬਦਲ ਕੇ ਭਾਜਪਾ ’ਚ ਜਾਣ ਦੀ ਤਿਆਰੀ ’ਚ ਹੈ।

ਸੀ. ਐੱਮ. ਨਹੀਂ ਬਣੇ ਤਾਂ ਭਾਜਪਾ ’ਚ ਗਏ ਜਯੋਤਿਰਦਿੱਤਿਆ ਸਿੰਧੀਆ

ਮੱਧ ਪ੍ਰਦੇਸ਼ ’ਚ ਜਯੋਤਿਰਦਿੱਤਿਆ ਸਿੰਧੀਆ ਦਾ ਪਰਿਵਾਰ ਆਜ਼ਾਦੀ ਤੋਂ ਬਾਅਦ ਤੋਂ ਹੀ ਕਾਂਗਰਸ ਨਾਲ ਜੁੜਿਆ ਰਿਹਾ ਅਤੇ ਉਨ੍ਹਾਂ ਦੇ ਪਿਤਾ ਮਾਧਵ ਰਾਓ ਸਿੰਧੀਆ ਖੁਦ ਵੀ 2001 ਤੋਂ ਲੈ ਕੇ 2020 ਤੱਕ ਕਾਂਗਰਸ ’ਚ ਰਹੇ ਅਤੇ ਸੰਸਦ ਮੈਂਬਰ ਵੀ ਬਣੇ ਪਰ 2020 ’ਚ ਕਾਂਗਰਸ ਨੇ ਜਯੋਤਿਰਦਿੱਤਿਆ ਸਿੰਧੀਆ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਹੀਂ ਬਣਾਇਆ। ਇਸ ਤੋਂ ਬਾਅਦ ਸਿੰਧੀਆ ਦੇ ਸਮਰਥਕ 22 ਵਿਧਾਇਕਾਂ ਨੇ ਕਾਂਗਰਸ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਭਾਜਪਾ ’ਚ ਚਲੇ ਗਏ।

ਇਹ ਵੀ ਪੜ੍ਹੋ-  ਸਾਲ 1951 ਤੋਂ ਲੈ ਕੇ ਹੁਣ ਤੱਕ 71 ਹਜ਼ਾਰ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ, ਜਾਣੋ ਕਿੱਥੇ ਹੁੰਦਾ ਹੈ ਰਾਸ਼ੀ ਦਾ ਇਸਤੇਮਾਲ

ਅਹੁਦਾ ਨਹੀਂ ਮਿਲਿਆ ਤਾਂ ਸੰਜੇ ਸਿੰਘ ਨੇ ਫੜਿਆ ਭਾਜਪਾ ਦਾ ਪੱਲਾ

ਅਮੇਠੀ ਦੇ ਰਾਜਾ ਰਹੇ ਰਣੰਜੈ ਸਿੰਘ ਦੇ ਪੁੱਤਰ ਸੰਜੇ ਸਿੰਘ 1980 ਦੇ ਦਹਾਕੇ ਤੋਂ ਹੀ ਨਹਿਰੂ-ਗਾਂਧੀ ਪਰਿਵਾਰ ਦੇ ਬੇਹੱਦ ਨੇੜੇ ਰਹੇ। ਅਪ੍ਰੈਲ 2014 ’ਚ ਕਾਂਗਰਸ ਨੇ ਉਨ੍ਹਾਂ ਨੂੰ ਆਸਾਮ ਤੋਂ ਰਾਜ ਸਭਾ ਮੈਂਬਰ ਬਣਾਉਣਾ ਸੀ ਪਰ ਉਨ੍ਹਾਂ ਨੇ ਬਾਅਦ ’ਚ ਭਾਜਪਾ ਜੁਆਇਨ ਕਰ ਲਈ। 2009 ’ਚ ਉਨ੍ਹਾਂ ਨੇ 25 ਸਾਲਾਂ ਬਾਅਦ ਕਾਂਗਰਸ ਨੂੰ ਸੁਲਤਾਨਪੁਰ ਲੋਕ ਸਭਾ ਹਲਕੇ ਤੋਂ ਲਗਭਗ ਇਕ ਲੱਖ ਵੋਟਾਂ ਨਾਲ ਜਿੱਤ ਦੁਆਈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਪੂਰੇ 5 ਸਾਲਾਂ ਤੱਕ ਮੰਤਰੀ ਨਹੀਂ ਬਣਾਇਆ ਗਿਆ।

ਆਜ਼ਾਦ ਉਮੀਦਵਾਰਾਂ ਤੋਂ ਆਜ਼ਾਦ ਹੋ ਰਿਹਾ ਹੈ ਦੇਸ਼

ਜਦ ਦੇਸ਼ ਆਜ਼ਾਦ ਹੋਇਆ ਸੀ ਤਾਂ ਵੱਡੀ ਗਿਣਤੀ ’ਚ ਆਜ਼ਾਦ ਉਮੀਦਵਾਰ ਚੁਣ ਕੇ ਸੰਸਦ ’ਚ ਪਹੁੰਚਦੇ ਸਨ ਪਰ ਜਿਵੇਂ-ਜਿਵੇਂ ਦੇਸ਼ ’ਚ ਲੋਕਤੰਤਰ ਮਜ਼ਬੂਤ ਹੋ ਰਿਹਾ ਹੈ, ਆਜ਼ਾਦ ਉਮੀਦਵਾਰਾਂ ਲਈ ਮੌਕੇ ਘੱਟ ਹੁੰਦੇ ਜਾ ਰਹੇ ਹਨ। 2019 ਦੀਆਂ ਲੋਕ ਸਭਾ ਚੋਣਾਂ ’ਚ ਸਿਰਫ 4 ਲੋਕ ਸਭਾ ਮੈਂਬਰ ਬਤੌਰ ਆਜ਼ਾਦ ਉਮੀਦਵਾਰ ਚੁਣ ਕੇ ਸੰਸਦ ’ਚ ਪਹੁੰਚੇ ਹਨ ਜਦਕਿ 1951 ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ’ਚ 37 ਅਤੇ 1957 ਦੀਆਂ ਦੂਜੀਆਂ ਲੋਕ ਸਭਾ ਚੋਣਾਂ ’ਚ 42 ਸੰਸਦ ਮੈਂਬਰ ਅਜਿਹੇ ਸਨ, ਜੋ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਉਤਰੇ ਸਨ ਪਰ 1989 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਿਸੇ ਵੀ ਚੋਣ ’ਚ ਆਜ਼ਾਦ ਸੰਸਦ ਮੈਂਬਰਾਂ ਦਾ ਅੰਕੜਾ ਦਹਾਈ ਦੇ ਅੰਕੜੇ ਨੂੰ ਨਹੀਂ ਛੋਹ ਸਕਿਆ ਹੈ।

ਇਹ ਵੀ ਪੜ੍ਹੋ- ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨੋਟੀਫ਼ਿਕੇਸ਼ਨ ਕੀਤੀ ਜਾਰੀ

ਆਜ਼ਾਦ ਉਮੀਦਵਾਰਾਂ ਦੀ ਗਿਣਤੀ ਵੀ ਡਿੱਗੀ

ਚੋਣ ਕਮਿਸ਼ਨ ਵਲੋਂ ਚੋਣ ਲੜਣ ਲਈ ਜ਼ਮਾਨਤ ਰਾਸ਼ੀ ਵਧਾਏ ਜਾਣ ਤੋਂ ਬਾਅਦ ਆਜ਼ਾਦ ਉਮੀਦਵਾਰਾਂ ਦੀ ਗਿਣਤੀ ’ਚ ਵੀ ਭਾਰੀ ਗਿਰਾਵਟ ਆਈ ਹੈ। 1996 ਦੀਆਂ ਚੋਣਾਂ ਤੱਕ ਕਿਸੇ ਨੂੰ ਵੀ ਆਮ ਵਰਗ ’ਚ ਚੋਣ ਲੜਣ ਲਈ 500 ਰੁਪਏ ਦੀ ਜ਼ਮਾਨਤ ਰਾਸ਼ੀ ਜਮਾਂ ਕਰਵਾਉਣੀ ਪੈਂਦੀ ਸੀ ਜਦਕਿ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਉਮੀਦਵਾਰਾਂ ਲਈ ਇਹ ਫੀਸ 250 ਰੁਪਏ ਸੀ। 1996 ਦੀਆਂ ਲੋਕ ਸਭਾ ਚੋਣਾਂ ’ਚ 10365 ਆਜ਼ਾਦ ਉਮੀਦਵਾਰਾਂ ਨੇ ਨਾਮਜ਼ਦਗੀ ਭਰੀ ਸੀ, ਜਿਨ੍ਹਾਂ ’ਚੋਂ 9 ਉਮੀਦਵਾਰ ਸੰਸਦ ਮੈਂਬਰ ਬਣੇ ਸਨ ਅਤੇ 10634 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

ਇਹ ਵੀ ਪੜ੍ਹੋ- ਗਠਜੋੜ ਟੁੱਟਿਆ ਪਰ ਫਿਰ ਵੀ ਮਿਲੇ ਨੇ ਦਿਲ! ਲੋਕ ਸਭਾ ਚੋਣਾਂ 'ਚ BJP-JJP ਵਿਚਾਲੇ ਹੋਵੇਗਾ 'ਦੋਸਤਾਨਾ ਮੁਕਾਬਲਾ'

ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਚੋਣ ਲੜਣ ਲਈ ਜ਼ਮਾਨਤ ਰਾਸ਼ੀ ਵਧਾ ਕੇ 25000 ਰੁਪਏ ਕਰ ਦਿੱਤੀ ਜਦਕਿ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਉਮੀਦਵਾਰਾਂ ਨੂੰ ਹੁਣ ਚੋਣ ਲੜਣ ਲਈ 12500 ਰੁਪਏ ਜਮਾਂ ਕਰਵਾਉਣੇ ਪੈਂਦੇ ਹਨ। ਇਸ ਨਵੇਂ ਨਿਯਮ ਤੋਂ ਬਾਅਦ ਆਜ਼ਾਦ ਉਮੀਦਵਾਰਾਂ ਦੀ ਗਿਣਤੀ ’ਚ ਗਿਰਾਵਟ ਆਈ ਅਤੇ ਪਿਛਲੀਆਂ ਚੋਣਾਂ ’ਚ 3461 ਆਜ਼ਾਦ ਉਮੀਦਵਾਰ ਮੈਦਾਨ ’ਚ ਉਤਰੇ ਸਨ, ਜਿਨ੍ਹਾਂ ’ਚੋਂ 3449 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News