ਦਿੱਲੀ ''ਚ ਵੋਟ ਪਾਉਣ ਤੋਂ ਬਾਅਦ ਬੋਲੇ ਰਾਹੁਲ- ਸਾਡਾ ਪਿਆਰ ਜਿੱਤੇਗਾ
Sunday, May 12, 2019 - 11:03 AM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ 6ਵੇਂ ਗੇੜ 'ਚ ਦਿੱਲੀ ਦੇ ਔਰੰਗਜੇਬ ਲੇਨ ਸਥਿਤ ਐੱਨ.ਪੀ. ਸੀਨੀਅਰ ਸੈਕੰਡਰੀ ਸਕੂਲ ਦੇ ਪੋਲਿੰਗ ਬੂਥ 'ਤੇ ਵੋਟ ਪਾਇਆ। ਵੋਟ ਪਾਉਣ ਤੋਂ ਬਾਅਦ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ 'ਤੇ ਨਫ਼ਰਤ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ। ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਨਫ਼ਰਤ ਦੀ ਵਰਤੋਂ ਕੀਤੀ, ਅਸੀਂ ਪਿਆਰ ਦੀ ਵਰਤੋਂ ਕੀਤੀ ਅਤੇ ਸਾਨੂੰ ਭਰੋਸਾ ਹੈ ਕਿ ਪਿਆਰ ਦੀ ਜਿੱਤ ਹੋਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ 3-4 ਮੁੱਦਿਆਂ 'ਤੇ ਲੜੀਆਂ ਗਈਆਂ, ਜੋ ਜਨਤਾ ਦੇ ਮੁੱਦੇ ਹਨ, ਕਾਂਗਰਸ ਦੇ ਨਹੀਂ। ਉਨ੍ਹਾਂ ਨੇ ਕਿਹਾ ਕਿ ਪਹਿਲਾ ਮੁੱਦਾ ਬੇਰੋਜ਼ਗਾਰੀ ਦਾ ਹੈ। ਦੂਜਾ ਵੱਡਾ ਮੁੱਦਾ ਕਿਸਾਨਾਂ ਦੀ ਪਰੇਸ਼ਾਨੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਤੀਜਾ ਵੱਡਾ ਮੁੱਦਾ ਨੋਟਬੰਦੀ ਹੈ ਅਤੇ ਚੌਥਾ ਭ੍ਰਿਸ਼ਟਾਚਾਰ-ਰਾਫੇਲ-ਅਨਿਲ ਅੰਬਾਨੀ ਦਾ ਹੈ।
ਰਾਹੁਲ ਤੋਂ ਜਦੋਂ ਪੁੱਛਿਆ ਗਿਆ ਕਿ ਚੋਣਾਂ 'ਚ ਉਨ੍ਹਾਂ ਦੀਆਂ ਕਿੰਨੀਆਂ ਸੀਟਾਂ ਆਉਣਗੀਆਂ, ਇਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਉਹ ਇਸ 'ਤੇ ਕੁਝ ਨਹੀਂ ਬੋਲਣਗੇ। ਕਾਂਗਰਸ ਪ੍ਰਧਾਨ ਨੇ ਮੀਡੀਆ ਨੂੰ ਧੰਨਵਾਦ ਦਿੰਦੇ ਹੋਏ ਕਿਹਾ ਕਿ ਚੋਣਾਂ ਕਰੀਬ-ਕਰੀਬ ਖਤਮ ਹੋ ਚੁਕੀਆਂ ਹਨ ਅਤੇ ਤੁਸੀਂ ਚੰਗੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਦੇ 6ਵੇਂ ਗੇੜ ਦੇ ਅਧੀਨ ਅੱਜ ਯਾਨੀ ਐਤਵਾਰ ਨੂੰ 7 ਰਾਜਾਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਗੇੜ ਦੇ ਨਾਲ ਹੀ 483 ਸੀਟਾਂ 'ਤੇ ਵੋਟਿੰਗ ਪੂਰੀ ਹੋ ਜਾਵੇਗੀ। ਸਿਰਫ 59 ਸੀਟਾਂ ਬਚਣਗੀਆਂ, ਜਿਨ੍ਹਾਂ ਲਈ 7ਵੇਂ ਅਤੇ ਆਖਰੀ ਗੇੜ 'ਚ 19 ਮਈ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।