ਅਮਿਤ ਸ਼ਾਹ ਨੇ ਅਡਵਾਨੀ ਦਾ ਵੀ ਤੋੜਿਆ ਰਿਕਾਰਡ
Thursday, May 23, 2019 - 11:16 AM (IST)

ਗਾਂਧੀਨਗਰ— ਗੁਜਰਾਤ ਦੀ ਗਾਂਧੀਨਗਰ ਸੀਟ 'ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਅਮਿਤ ਸ਼ਾਹ ਨੇ ਸਾਢੇ 5 ਲੱਖ ਵੋਟਾਂ ਨਾਲ ਜਿੱਤ ਹਾਸਲ ਕਰ ਕੇ ਅਡਵਾਨੀ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਅਡਵਾਨੀ ਨੇ 2014 'ਚ ਗਾਂਧੀਨਗਰ ਸੀਟ ਤੋਂ 4,83,121 ਵੋਟਾਂ ਹਾਸਲ ਕੀਤੀਆਂ ਸਨ। ਸ਼ਾਹ ਵਿਰੁੱਧ ਕਾਂਗਰਸ ਪਾਰਟੀ ਨੇ ਡਾ. ਸੀ.ਜੇ. ਚਾਵੜਾ ਨੂੰ ਮੈਦਾਨ 'ਚ ਉਤਾਰਿਆ ਹੈ। ਅਮਿਤ ਸ਼ਾਹ ਪਹਿਲੀ ਵਾਰ ਲੋਕ ਸਭਾ ਚੋਣਾਂ ਲੜ ਰਹੇ ਹਨ। ਮੌਜੂਦਾ ਸਮੇਂ 'ਚ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਸੰਸਦ ਮੈਂਬਰ ਹਨ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਕਰਮ ਭੂਮੀ ਰਹੀ ਗਾਂਧੀਨਗਰ ਸੀਟ ਭਾਜਪਾ ਲਈ ਹਮੇਸ਼ਾ ਤੋਂ ਹੀ ਜਿੱਤ ਦੀ ਗਾਰੰਟੀ ਰਹੀ ਹੈ।
ਪਾਰਟੀ ਸਾਲ 1989 ਤੋਂ ਲਗਾਤਾਰ ਇਸ ਸੀਟ 'ਤੇ ਜਿੱਤ ਹਾਸਲ ਕਰਦੀ ਆਈ ਹੈ। ਗਾਂਧੀਨਗਰ ਸੀਟ 'ਤੇ 1967 'ਚ ਪਹਿਲੀ ਵਾਰ ਚੋਣਾਂ ਹੋਈਆਂ ਸਨ ਅਤੇ ਇਸ 'ਚ ਕਾਂਗਰਸ ਨੂੰ ਜਿੱਤ ਮਿਲੀ ਸੀ। ਇਸ ਤੋਂ ਬਾਅਦ ਸਾਲ 1971 ਦੀਆਂ ਚੋਣਾਂ 'ਚ ਕਾਂਗਰਸ, 1977 ਦੀਆਂ ਚੋਣਾਂ 'ਚ ਜਨਤਾ ਦਲ ਅਤੇ 1980 'ਚ ਕਾਂਗਰਸ ਨੂੰ ਜਿੱਤ ਮਿਲੀ।
ਸਾਲ 1989 ਦੀਆਂ ਚੋਣਾਂ 'ਚ ਭਾਜਪਾ ਦੇ ਨੇਤਾ ਅਤੇ ਬਾਅਦ 'ਚ ਰਾਜ ਦੇ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ ਨੇ ਗਾਂਧੀਨਗਰ ਸੀਟ 'ਤੇ ਕਬਜ਼ਾ ਕਰ ਲਿਆ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਸੀਟ 'ਤੇ ਭਗਵਾ ਝੰਡਾ ਲਹਿਰਾ ਰਿਹਾ ਹੈ। ਸਾਲ 1991 'ਚ ਲਾਲ ਕ੍ਰਿਸ਼ਨ ਅਡਵਾਨੀ ਅਤੇ 1996 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ 1998 ਤੋਂ ਲੈ ਕੇ ਹੁਣ ਤੱਕ ਅਡਵਾਨੀ ਨੇ ਇਸ ਸੀਟ ਦਾ ਪ੍ਰਤੀਨਿਧੀਤੱਵ ਕੀਤਾ ਹੈ। ਪਾਰਟੀ ਨੇ ਹੁਣ ਉਨ੍ਹਾਂ ਦੀ ਜਗ੍ਹਾ 'ਤੇ ਸ਼ਾਹ ਨੂੰ ਉਮੀਦਵਾਰ ਬਣਾਇਆ ਹੈ।