ਕਾਂਗਰਸ ਨਾਲ ਸਮਰਥਨ ਨੂੰ ਤਿਆਰ ਤੀਜਾ ਮੋਰਚਾ ਪਰ ਨਹੀਂ ਦੇਣਗੇ ਡਰਾਈਵਰ ਸੀਟ : ਚੰਦਰਸ਼ੇਖਰ

Wednesday, May 15, 2019 - 10:45 AM (IST)

ਕਾਂਗਰਸ ਨਾਲ ਸਮਰਥਨ ਨੂੰ ਤਿਆਰ ਤੀਜਾ ਮੋਰਚਾ ਪਰ ਨਹੀਂ ਦੇਣਗੇ ਡਰਾਈਵਰ ਸੀਟ : ਚੰਦਰਸ਼ੇਖਰ

ਹੈਦਰਾਬਾਦ— ਲੋਕ ਸਭਾ ਚੋਣਾਂ 'ਚ ਭਾਵੇਂ ਹੀ ਅਜੇ ਇਕ ਗੇੜ ਬਾਕੀ ਹੈ ਪਰ ਰਾਸ਼ਟਰੀ ਹੀ ਨਹੀਂ ਖੇਤਰੀ ਪਾਰਟੀਆਂ ਨੇ ਵੀ ਨਤੀਜਿਆਂ 'ਤੇ ਸਰਕਾਰ ਬਣਾਉਣ ਦੀ ਯੋਜਨਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ 'ਚ ਇਕ ਸੰਭਾਵਨਾ ਇਹ ਮੰਨੀ ਜਾ ਰਹੀ ਹੈ ਕਿ ਜੇਕਰ ਇਨ੍ਹਾਂ ਚੋਣਾਂ 'ਚ ਐੱਨ.ਡੀ.ਏ. ਗਠਜੋੜ ਸਰਕਾਰ ਬਣਾਉਣ ਲਾਇਕ ਸੀਟਾਂ ਨਹੀਂ ਲਿਆ ਸਕਿਆ ਅਤੇ ਕਾਂਗਰਸ ਵੀ ਕੋਈ ਚਮਤਕਾਰ ਨਹੀਂ ਕਰ ਸਕੀ ਤਾਂ ਖੇਤਰੀ ਪਾਰਟੀਆਂ ਦਾ ਤੀਜਾ ਮੋਰਚਾ ਸਰਕਾਰ ਬਣਾਉਣ ਲਈ ਕਾਂਗਰਸ ਦਾ ਸਮਰਥਨ ਲੈਣ ਤੋਂ ਪਿੱਛੇ ਨਹੀਂ ਹਟੇਗਾ। ਤੀਜੇ ਮੋਰਚੇ ਦੀ ਕਵਾਇਦ ਸ਼ੁਰੂ ਕਰਨ ਵਾਲੀ ਪਾਰਟੀ ਤੇਲੰਗਾਨਾ ਰਾਸ਼ਟਰ ਕਮੇਟੀ (ਟੀ.ਆਰ.ਐੱਸ.) ਨੇ ਮੰਗਲਵਾਰ ਨੂੰ ਇਹ ਗੱਲ ਕਹੀ। ਪਾਰਟੀ ਨੇ ਕਿਹਾ ਕਿ ਤੀਜਾ ਮੋਰਚਾ ਬਣਾਉਣ ਵਾਲੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਸਰਕਾਰ ਲਈ ਕਾਂਗਰਸ ਤੋਂ ਸਮਰਥਨ ਲੈਣ ਨੂੰ ਤਿਆਰ ਹਨ ਪਰ ਉਨ੍ਹਾਂ ਦੀ ਸ਼ਰਤ ਸਿਰਫ਼ ਇੰਨੀ ਹੋਵੇਗੀ ਕਿ ਕਾਂਗਰਸ ਡਰਾਈਵਰ ਸੀਟ 'ਤੇ ਬੈਠਣ ਦੀ ਮੰਗ ਨਾ ਕਰੇ।

ਰਾਹੁਲ ਦੀ ਬਜਾਏ ਸਥਾਨਕ ਨੇਤਾ ਹੋਵੇ ਪੀ.ਐੱਮ.
ਦੱਸਣਯੋਗ ਹੈ ਕਿ ਰਾਵ ਨੇ ਹੀ ਇਨ੍ਹਾਂ ਚੋਣਾਂ ਤੋਂ ਪਹਿਲਾਂ ਤੀਜੇ ਮੋਰਚੇ ਦੀ ਗੱਲ ਛੇੜੀ ਸੀ, ਜਿਸ 'ਚ ਸਿਰਫ ਖੇਤਰੀ ਪਾਰਟੀਆਂ ਨੂੰ ਜਗ੍ਹਾ ਮਿਲਣੀ ਸੀ ਅਤੇ ਬਿਨਾਂ ਕਾਂਗਰਸ ਅਤੇ ਬਿਨਾਂ ਭਾਜਪਾ ਵਾਲਾ ਫਰੰਟ ਬਣਨਾ ਸੀ ਪਰ ਹੁਣ ਟੀ.ਆਰ.ਐੱਸ. ਦੇ ਬੁਲਾਰੇ ਆਦਿਬ ਰਸੂਲ ਖਾਨ ਨੇ ਕਿਹਾ ਕਿ ਪਾਰਟੀ ਰਾਹੁਲ ਗਾਂਧੀ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ,''ਕੇ.ਸੀ.ਆਰ. (ਰਾਵ) ਇਸ ਗੱਲ 'ਤੇ ਦ੍ਰਿੜ ਹਨ ਕਿ ਡਰਾਈਵਰ ਸੀਟ 'ਤੇ ਫੈਡਰਲ ਫਰੰਟ ਰਹੇਗਾ ਮਤਲਬ ਰਾਹੁਲ ਗਾਂਧੀ ਦੀ ਬਜਾਏ ਕਿਸੇ ਸਥਾਨਕ ਨੇਤਾ ਦਾ ਨਾਂ ਪ੍ਰਧਾਨ ਮੰਤਰੀ ਅਹੁਦੇ ਲਈ ਅੱਗੇ ਕੀਤਾ ਜਾਵੇ।''

ਨਹੀਂ ਕਰੇਗਾ ਭਾਜਪਾ ਨੂੰ ਸਪੋਰਟ 
ਰਸੂਲ ਖਾਨ ਨੇ ਦੱਸਿਆ ਕਿ ਟੀ.ਆਰ.ਐੱਸ. ਅਤੇ ਕੇ.ਸੀ.ਆਰ. ਦੋਵੇਂ ਚਾਹੁੰਦੇ ਹਨ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕਾਂਗਰਸ ਤੋਂ ਨਾ ਹੋਵੇ। ਜੇਕਰ ਕਾਂਗਰਸ ਇਸ ਸ਼ਰਤ ਨੂੰ ਸਵੀਕਾਰ ਕਰਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਣ ਲਈ ਅੱਗੇ ਆਏਗੀ। ਖਾਨ ਨੇ ਕਿਹਾ,''ਅਸੀਂ ਕਾਂਗਰਸ ਨਾਲ ਗੱਲ ਕਰਨ ਲਈ ਤਿਆਰ ਹਾਂ। ਖੇਤਰੀ ਪਾਰਟੀਆਂ ਇਸ ਦਾ ਉਦੋਂ ਤੱਕ ਵਿਰੋਧ ਕਰਨਗੀਆਂ, ਜਦੋਂ ਤੱਕ ਕਾਂਗਰਸ ਡਰਾਈਵਰ ਸੀਟ 'ਤੇ ਆਉਣ ਦੀ ਕੋਸ਼ਿਸ਼ ਨਾ ਕਰੇ।'' ਖਾਨ ਨੇ ਇਹ ਵੀ ਸਾਫ਼ ਕੀਤਾ ਕਿ ਫਰੰਟ ਕਿਸੇ ਵੀ ਕੀਮਤ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਪੋਰਟ ਨਹੀਂ ਕਰੇਗਾ। ਖਾਨ ਨੇ ਅੱਗੇ ਕਿਹਾ ਕਿ ਸਪਾ, ਬਸਪਾ, ਵਾਈ.ਐੱਸ.ਆਰ.ਸੀ.ਪੀ., ਡੀ.ਐੱਮ.ਕੇ. ਅਤੇ ਟੀ.ਆਰ.ਐੱਸ. ਚੋਣਾਂ 'ਚ ਚੰਗਾ ਕਰੇਗੀ ਪਰ ਕਾਂਗਰਸ 100 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ।

ਰਾਵ ਨੇ ਕੀਤੀ ਸੀ ਸਟਾਲਿਨ ਨਾਲ ਮੁਲਾਕਾਤ
ਡੀ.ਐੱਮ.ਕੇ. ਮੁਖੀ ਸਟਾਲਿਨ ਭਾਵੇਂ ਕਾਂਗਰਸ ਨੂੰ ਧੋਖ ਦੇਣ ਤੋਂ ਇਨਕਾਰ ਕਰ ਚੁਕੇ ਹੋਣ ਪਰ ਟੀ.ਆਰ.ਐੱਸ. ਦਾ ਦਾਅਵਾ ਹੈ ਕਿ ਉਹ ਵੀ ਫੈਡਰਲ ਫਰੰਟ ਦਾ ਹਿੱਸਾ ਬਣ ਸਕਦੀ ਹੈ। ਖਾਨ ਨੇ ਕਿਹਾ,''ਜੇਕਰ ਕਾਂਗਰਸ ਆਪਣੇ ਦਮ 'ਤੇ 180-200 ਸੀਟਾਂ ਨਹੀਂ ਜਿੱਤਦੀ ਹੈ ਤਾਂ ਡੀ.ਐੱਮ.ਕੇ. ਵਰਗੇ ਸਾਥੀ ਉਸ ਦਾ ਸਾਥ ਛੱਡ ਕੇ ਫੈਡਰਲ ਫਰੰਟ 'ਚ ਆ ਸਕਦੇ ਹਨ।'' ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੰਦਰਸ਼ੇਖਰ ਰਾਵ ਅਤੇ ਐੱਮ.ਕੇ. ਸਟਾਲਿਨ ਦੀ ਸੋਮਵਾਰ ਨੂੰ ਮੁਲਾਕਾਤ ਹੋਈ ਸੀ। ਘੰਟਿਆਂ ਤੱਕ ਚੱਲੀ ਮੀਟਿੰਗ 'ਚ ਦੋਹਾਂ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਇਕ ਮੋਰਚਾ ਬਣਾਉਣ 'ਤੇ ਵਿਚਾਰ ਕੀਤਾ ਸੀ, ਜਿਸ 'ਚ ਰਾਵ ਨੇ ਸਟਾਲਿਨ ਨੂੰ ਤੀਜੇ ਮੋਰਚੇ 'ਚ ਆਉਣ ਲਈ ਕਿਹਾ। ਉੱਥੇ ਹੀ ਸਟਾਲਿਨ ਨੇ ਰਾਵ ਨੂੰ ਯੂ.ਪੀ.ਏ. 'ਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ।


author

DIsha

Content Editor

Related News