ਲੋਕ ਸਭਾ ਚੋਣਾਂ: ਕਾਂਗਰਸ ਨੇ ਊਧਮਪੁਰ ਤੋਂ ਲਾਲ ਸਿੰਘ ਅਤੇ ਜੰਮੂ ਤੋਂ ਰਮਨ ਭੱਲਾ ਨੂੰ ਦਿੱਤੀ ਟਿਕਟ
Sunday, Mar 24, 2024 - 11:41 AM (IST)
ਜੰਮੂ- ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਊਧਮਪੁਰ ਤੋਂ ਸਾਬਕਾ ਸੰਸਦ ਮੈਂਬਰ ਚੌਧਰੀ ਲਾਲ ਸਿੰਘ ਅਤੇ ਜੇ. ਕੇ. ਪੀ. ਸੀ. ਸੀ ਦੇ ਕਾਰਜਕਾਰੀ ਪ੍ਰਧਾਨ ਰਮਨ ਭੱਲਾ ਨੂੰ ਜੰਮੂ ਤੋਂ ਉਮੀਦਵਾਰ ਬਣਾਇਆ ਹੈ। ਕਾਂਗਰਸ ਚੋਣ ਕਮੇਟੀ ਨੇ ਲੋਕ ਸਭਾ ਚੋਣਾਂ ਲਈ 45 ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਸਾਬਕਾ ਮੰਤਰੀ ਅਤੇ ਦੋ ਵਾਰ ਸੰਸਦ ਮੈਂਬਰ ਰਹੇ ਲਾਲ ਸਿੰਘ ਤਿੰਨ ਦਿਨ ਪਹਿਲਾਂ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਕਾਂਗਰਸ ਨੇ ਉਨ੍ਹਾਂ ਨੂੰ ਕਠੂਆ-ਊਧਮਪੁਰ-ਡੋਡਾ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ, ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਦੇ ਖਿਲਾਫ ਮੈਦਾਨ ਵਿਚ ਉਤਾਰਿਆ ਹੈ।
ਗੁਲਾਮ ਨਬੀ ਆਜ਼ਾਦ ਦੀ ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀ. ਪੀ. ਏ. ਪੀ) ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਗੁਲਾਮ ਮੁਹੰਮਦ ਸਰੂਰੀ ਵੀ ਇਸ ਸੀਟ ਤੋਂ ਚੋਣ ਮੈਦਾਨ ਵਿਚ ਹਨ। ਲਾਲ ਸਿੰਘ ਨੇ 2004 ਅਤੇ 2009 'ਚ ਕਾਂਗਰਸ ਦੀ ਟਿਕਟ 'ਤੇ ਦੋ ਵਾਰ ਊਧਮਪੁਰ ਸੰਸਦੀ ਚੋਣ ਜਿੱਤੀ ਸੀ। 2014 ਵਿਚ ਉਹ ਭਾਜਪਾ ਵਿਚ ਸ਼ਾਮਲ ਹੋਏ ਅਤੇ ਭਾਜਪਾ-ਪੀ. ਡੀ. ਪੀ ਗਠਜੋੜ ਸਰਕਾਰ ਵਿਚ ਸਿਹਤ ਅਤੇ ਜੰਗਲਾਤ ਮੰਤਰੀ ਵਜੋਂ ਸੇਵਾ ਨਿਭਾਈ।
ਹਾਲਾਂਕਿ 2019 ਵਿਚ ਜੰਮੂ ਸੰਸਦੀ ਹਲਕੇ ਤੋਂ ਚੋਣ ਲੜਨ ਵਾਲੇ ਰਮਨ ਭੱਲਾ ਨੇ ਜੰਮੂ-ਪੁੰਛ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਪਰ ਉਹ ਭਾਜਪਾ ਉਮੀਦਵਾਰ ਜੁਗਲ ਕਿਸ਼ੋਰ ਸ਼ਰਮਾ ਤੋਂ ਹਾਰ ਗਏ ਸਨ। ਭੱਲਾ 2024 ਦੀਆਂ ਲੋਕ ਸਭਾ ਚੋਣਾਂ ਵਿਚ ਸ੍ਰੀ ਸ਼ਰਮਾ ਖ਼ਿਲਾਫ਼ ਮੁੜ ਚੋਣ ਲੜਨਗੇ।