ਵਾਰਾਣਸੀ 'ਚ PM ਮੋਦੀ ਤੀਜੀ ਵਾਰ ਬਣੇ ਸੰਸਦ ਮੈਂਬਰ, 1.52 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ
Tuesday, Jun 04, 2024 - 07:16 PM (IST)
ਨੈਸ਼ਨਲ ਡੈਸਕ- ਵਾਰਾਣਸੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1,52,513 ਵੋਟਾਂ ਨਾਲ ਜਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਉਮੀਦਵਾਰ ਅਜੇ ਰਾਏ ਨੂੰ ਪਛਾੜ ਦਿੱਤਾ ਹੈ। ਵਾਰਾਣਸੀ ਉੱਤਰ ਪ੍ਰਦੇਸ਼ ਦੀਆਂ ਚਰਚਿੱਤ ਸੀਟਾਂ ਵਿਚੋਂ ਇਕ ਹੈ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਤੀਜੀ ਵਾਰ ਇੱਥੋਂ ਚੋਣ ਲੜ ਰਹੇ ਹਨ। ਅਜੇ ਰਾਏ ਵੀ ਵਾਰਾਣਸੀ ਸੰਸਦੀ ਹਲਕੇ ਤੋਂ ਲਗਾਤਾਰ ਚੌਥੀ ਚੋਣ ਲੜ ਰਹੇ ਹਨ। ਪਿਛਲੀਆਂ ਤਿੰਨ ਚੋਣਾਂ ਵਿਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ- ਲੋਕ ਸਭਾ ਚੋਣ ਨਤੀਜੇ 2024 Live: ਰੁਝਾਨਾਂ 'ਚ NDA 25 ਸੀਟਾਂ ਨਾਲ ਅੱਗੇ
ਵਾਰਾਣਸੀ ਵਿਚ ਵਾਰਾਣਸੀ ਲੋਕ ਸਭਾ ਸੀਟ ਲਈ 7ਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਹੋਈ। ਵਾਰਾਣਸੀ ਲੋਕ ਸਭਾ ਸੀਟ 'ਤੇ ਇਸ ਵਾਰ 56.35 ਫ਼ੀਸਦੀ ਵੋਟਿੰਗ ਹੋਈ। ਲੋਕ ਸਭਾ ਚੋਣਾਂ 2024 ਦੌਰਾਨ ਵਾਰਾਣਸੀ ਲੋਕ ਸਭਾ ਸੀਟ ਲਈ ਉਮੀਦਵਾਰਾਂ ਦੀ ਗਿਣਤੀ ਲੋਕ ਸਭਾ ਚੋਣਾਂ 2014 ਅਤੇ ਲੋਕ ਸਭਾ ਚੋਣਾਂ 2019 ਦੇ ਮੁਕਾਬਲੇ ਬਹੁਤ ਘੱਟ ਰਹੀ ਹੈ। ਇਸ ਵਾਰ ਵਾਰਾਣਸੀ ਲੋਕ ਸਭਾ ਸੀਟ ਤੋਂ ਸਿਰਫ਼ 7 ਉਮੀਦਵਾਰ ਮੈਦਾਨ ਵਿਚ ਸਨ। ਵਾਰਾਣਸੀ ਵਿਚ ਇਸ ਵਾਰ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੈ ਰਾਏ ਇੰਡੀਆ ਗਠਜੋੜ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦੇ ਰਹੇ ਹਨ। ਉਨ੍ਹਾਂ ਤੋਂ ਇਲਾਵਾ ਵਾਰਾਣਸੀ ਤੋਂ ਬਸਪਾ ਦੇ ਅਤਹਰ ਜਮਾਲ ਲਾਰੀ ਅਤੇ ਅਪਨਾ ਦਲਦੇ ਗਗਨ ਪ੍ਰਕਾਸ਼ ਯਾਦਵ ਵੀ ਚੋਣ ਮੈਦਾਨ ਵਿਚ ਹਨ।
ਇਹ ਵੀ ਪੜ੍ਹੋ- ਚੋਣ ਨਤੀਜਿਆਂ ਤੋਂ ਪਹਿਲਾਂ ECI ਦੀ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨਰ ਬੋਲੇ- ਇਤਿਹਾਸਕ ਰਹੀਆਂ ਭਾਰਤ ਦੀਆਂ ਚੋਣਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਵਾਰਾਣਸੀ ਤੋਂ ਵੱਡੀ ਜਿੱਤ ਦਰਜ ਕੀਤੀ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਪਹਿਲੀ ਵਾਰ ਚੋਣ ਲੜਨ ਆਏ ਸਨ ਤਾਂ ਉਨ੍ਹਾਂ ਨੂੰ 5 ਲੱਖ 81 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ, ਜਦੋਂ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ 2 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ। ਅਜੇ ਰਾਏ ਨੂੰ ਕਰੀਬ 75 ਹਜ਼ਾਰ ਵੋਟਾਂ ਮਿਲੀਆਂ ਸਨ। 2019 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਇੱਥੋਂ 6 ਲੱਖ 74 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ। ਸਮਾਜਵਾਦੀ ਪਾਰਟੀ ਦੀ ਉਮੀਦਵਾਰ ਸ਼ਾਲਿਨੀ ਯਾਦਵ ਦੂਜੇ ਸਥਾਨ 'ਤੇ ਅਤੇ ਕਾਂਗਰਸ ਦੇ ਅਜੇ ਰਾਏ ਤੀਜੇ ਸਥਾਨ 'ਤੇ ਰਹੇ ਸਨ। ਅਜੈ ਰਾਏ ਵਾਰਾਣਸੀ ਸੰਸਦੀ ਹਲਕੇ ਤੋਂ ਲਗਾਤਾਰ ਚੌਥੀ ਵਾਰ ਚੋਣ ਲੜ ਰਹੇ ਹਨ। ਪਿਛਲੀਆਂ ਤਿੰਨ ਚੋਣਾਂ ਵਿਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।